ਬਰਨਾਲਾ: ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਸਾਰੇ ਵਿੱਦਿਅਕ ਅਦਾਰੇ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ ਜਿਸ ਕਰਕੇ ਸਕੂਲ ਬੰਦ ਦੌਰਾਨ ਬੱਚਿਆਂ ਤੋਂ ਫ਼ੀਸਾਂ ਵਸੂਲਣ ਅਤੇ ਅਧਿਆਪਕਾਂ ਨੂੰ ਤਨਖ਼ਾਹਾਂ ਜਾਰੀ ਰੱਖਣ ਦੀਆਂ ਸਕੂਲ ਪ੍ਰਬੰਧਕਾਂ ਨੂੰ ਹਦਾਇਤਾਂ ਵੀ ਕੀਤੀਆਂ ਗਈਆਂ।
ਬਰਨਾਲਾ ਦੇ ਇੱਕ ਵੱਡੇ ਨਿੱਜੀ ਸਕੂਲ ਵਲੋਂ ਸਰਕਾਰੀ ਹੁਕਮਾਂ ਨੂੰ ਛਿੱਕੇ 'ਤੇ ਟੰਗਦਿਆਂ ਸਕੂਲ ਬੰਦ ਕਰਨ ਦਾ ਫ਼ੈਸਲਾ ਕਰ ਦਿੱਤਾ ਗਿਆ। ਸਕੂਲ 'ਚ ਪੜਦੇ ਬੱਚਿਆਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਮੋਬਾਇਲ 'ਤੇ ਮੈਸੇਜ ਭੇਜ ਕੇ ਇਸ ਦਾ ਸੁਨੇਹਾ ਦੇ ਦਿੱਤਾ ਗਿਆ ਜਿਸ ਤੋਂ ਨਿਰਾਸ਼ ਬੱਚਿਆਂ ਦੇ ਮਾਪੇ ਅਤੇ ਅਧਿਆਪਕ ਅੱਜ ਲੁਧਿਆਣਾ ਰੋਡ 'ਤੇ ਸਥਿਤ ਸਕੂਲ ਵਿੱਚ ਪਹੁੰਚੇ ਅਤੇ ਅੱਜ ਸਕੂਲ ਮੈਨੇਜਮੈਂਟ ਖਿਲਾਫ਼ ਰੋਸ ਜ਼ਾਹਰ ਕੀਤਾ ਗਿਆ।
ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਸਕੂਲ ਮੈਨੇਜਮੈਂਟ ਉਨ੍ਹਾਂ ਦੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲਾ ਫ਼ੈਸਲਾ ਕਰ ਰਹੀ ਹੈ। ਅਧਿਆਪਕਾਂ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਮੈਨਜਮੈਂਟ ਉਨ੍ਹਾਂ ਦੀ ਬਾਂਹ ਫ਼ੜ੍ਹਨ ਦੀ ਬਜਾਏ ਉਨ੍ਹਾਂ ਨੂੰ ਬੇਰੁਜ਼ਗਾਰ ਕਰ ਰਹੀ ਹੈ ਜਿਸ ਪ੍ਰਤੀ ਸੂਬਾ ਸਰਕਾਰ, ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਸਖ਼ਤ ਕਦਮ ਚੁੱਕਦਿਆਂ ਪ੍ਰਬੰਧਕਾਂ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਪਿਛਲੇ ਸਾਲਾਂ ਤੋਂ ਇੱਥੇ ਪੜ੍ਹ ਰਹੇ ਹਨ। ਸਕੂਲ ਦੇ ਵਧੀਆ ਪੜ੍ਹਾਈ ਸਿਸਟਮ ਕਰਕੇ ਉਨ੍ਹਾਂ ਨੇ ਆਪਣੇ ਬੱਚੇ ਇੱਥੇ ਪੜ੍ਹਨ ਲਗਾਏ ਸਨ। ਕੁੱਝ ਸਮਾਂ ਪਹਿਲਾਂ ਸਕੂਲ ਵਿੱਚ ਬੱਚਿਆਂ ਦੇ ਦਾਖ਼ਲੇ ਭਰਾਏ ਜਾ ਰਹੇ ਸਨ ਪਰ ਬੀਤੇ ਕੱਲ੍ਹ ਉਨ੍ਹਾਂ ਦੇ ਮੋਬਾਇਲਾਂ 'ਤੇ ਮੈਸੇਜ ਭੇਜ ਦਿੱਤਾ ਗਿਆ ਕਿ ਇਹ ਸਕੂਲ ਬੰਦ ਕਰ ਦਿੱਤਾ ਗਿਆ ਹੈ ਅਤੇ ਤੁਸੀਂ ਆਪਣੇ ਬੱਚਿਆਂ ਨੂੰ ਕਿਸੇ ਹੋਰ ਸਕੂਲ ਵਿੱਚ ਪੜ੍ਹਨ ਲਗਾ ਲਉ। ਇਹ ਬੱਚਿਆਂ ਲਈ ਬਹੁਤ ਹੀ ਸਦਮੇ ਵਾਲੀ ਗੱਲ ਹੈ।
ਉਨ੍ਹਾਂ ਸਿੱਖਿਆ ਮੰਤਰੀ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਇਸ ਮੈਨੇਜਮੈਂਟ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸਕੂਲ ਕਿਸੇ ਚੰਗੇ ਵਿਅਕਤੀਆਂ ਦੇ ਹੱਥਾਂ ਵਿੱਚ ਦੇ ਕੇ ਬੱਚਿਆਂ ਅਤੇ ਅਧਿਆਪਕਾਂ ਦਾ ਭਵਿੱਖ ਬਚਾਇਆ ਜਾਵੇ।
ਉਧਰ ਸਕੂਲ ਅਧਿਆਪਕਾਂ ਨੇ ਦੱਸਿਆ ਕਿ ਸਕੂਲ ਨੂੰ ਬੰਦ ਕਰਨ ਦੀਆਂ ਲੰਬੇ ਸਮੇਂ ਤੋਂ ਪਲੈਨਿੰਗਾਂ ਕੀਤੀਆਂ ਜਾ ਰਹੀਆਂ ਹਨ ਜਿਸਦੇ ਤਹਿਤ ਹੁਣ ਇਸ ਕੋਰੋਨਾ ਵਾਇਰਸ ਦੇ ਮੌਕੇ 'ਤੇ ਸਕੂਲ ਮੈਨੇਜਮੈਂਟ ਨੇ ਸਕੂਲ ਨੂੰ ਬੰਦ ਕਰਨ ਦਾ ਫ਼ੈਸਲਾ ਸੁਣਾ ਦਿੱਤਾ ਹੈ। ਉਨ੍ਹਾਂ ਸਿੱਖਿਆ ਮੰਤਰੀ ਅਤੇ ਪ੍ਰਸ਼ਾਸ਼ਨ ਤੋਂ ਪ੍ਰਬੰਧਕਾਂ ਵਿਰੁੱਧ ਕਾਰਵਾਈ ਕਰਦੇ ਹੋਏ ਬੱਚਿਆਂ ਅਤੇ ਅਧਿਆਪਕਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਵਿਸ਼ੇਸ਼ ਕਦਮ ਚੁੱਕਣ ਦੀ ਮੰਗ ਕੀਤੀ।