Barnala Masjid And Gurudwara : ਬਰਨਾਲਾ 'ਚ ਭਾਈਚਾਰਕ ਸਾਂਝ ਦੀ ਵੱਡੀ ਮਿਸਾਲ, ਮਸਜਿਦ ਅਤੇ ਗੁਰਦੁਆਰਾ ਇੱਕੋਂ ਜਗ੍ਹਾ, ਪੜ੍ਹੋ ਕੀ ਕਹਿੰਦੇ ਨੇ ਲੋਕ ਬਰਨਾਲਾ :ਦੇਸ਼ ਭਰ ਵਿੱਚ ਅੱਜ ਜਦੋਂ ਧਰਮ ਅਤੇ ਜਾਤ ਦੇ ਨਾਂ ਉੱਤੇ ਲੋਕਾਂ ਵਿੱਚ ਵੰਡ ਪਾ ਕੇ ਫਿਰਕੂ ਮਾਹੌਲ ਸਿਰਜਿਆ ਜਾ ਰਿਹਾ ਹੈ। ਉਸੇ ਦੌਰ ਵਿੱਚ ਬਰਨਾਲਾ ਜਿਲ੍ਹੇ ਦੇ ਪਿੰਡ ਕੁਤਬਾ ਬਾਹਮਣੀਆ ਵਿੱਚ ਇਨਸਾਨੀਅਤ ਦੀ ਮਿਸਾਲ ਦੇਖਣ ਨੂੰ ਮਿਲ ਰਹੀ ਹੈ। ਦੇਸ਼ ਦੀ ਅਜ਼ਾਦੀ ਸਮੇਂ ਕਰੀਬ 76 ਸਾਲਾਂ ਤੋਂ ਬੰਦ ਪਈ ਮਸਜਿਦ ਨੂੰ ਸਥਾਨਕ ਸਿੱਖ ਭਾਈਚਾਰੇ ਵੱਲੋਂ ਨਵਾਂ ਬਣਾ ਕੇ ਮੁਸਲਿਮ ਭਾਈਚਾਰੇ ਨੂੰ ਦਿੱਤਾ ਗਿਆ। ਮੁਸਲਿਮ ਭਾਈਚਾਰੇ ਲਈ ਬਣਾਈ ਗਈ ਮਸਜਿਦ ਗੁਰਦੁਆਰਾ ਸਾਹਿਬ ਦੇ ਵਿਹੜੇ ਵਿੱਚ ਹੈ। 76 ਸਾਲਾਂ ਬਾਅਦ ਨਵੀਂ ਬਣੀ ਮਸਜਿਦ ਵਿੱਚ ਮੁਸਲਿਮ ਭਾਈਚਾਰੇ ਵਲੋਂ ਨਮਾਜ਼ ਅਦਾ ਕੀਤੀ ਗਈ ਸੀ। ਇੱਕੋ ਜਗ੍ਹਾ ਵਿੱਚ ਬਣੇ ਗੁਰਦੁਆਰਾ ਸਾਹਿਬ ਅਤੇ ਮਸਜਿਦ ਦੇ ਲਾਊਡਸਪੀਕਰ ਤੋਂ ਨਮਾਜ਼ ਅਤੇ ਸਿਮਰਨ ਸੁਣ ਕੇ ਲੋਕ ਮੰਤਰਮੁਗਧ ਹੋ ਰਹੇ ਹਨ।
ਅਹਿਮਦ ਸ਼ਾਹ ਅਬਦਾਲੀ ਨਾਲ ਲੜਾਈ :ਦੱਸਣਯੋਗ ਹੈ ਕਿ ਬਰਨਾਲਾ ਜਿਲ੍ਹੇ ਦਾ ਪਿੰਡ ਕੁਤਬਾ ਬਾਹਮਣੀਆ ਇਤਿਹਾਸਕ ਤੌਰ ਤੇ ਵੱਡੀ ਮਹਾਨਤਾ ਰੱਖਦਾ ਹੈ। ਅਹਿਮਦ ਸ਼ਾਹ ਅਬਦਾਲੀ ਨਾਲ ਲੜਾਈ ਸਮੇਂ ਸਿੱਖ ਕੌਮ ਦੀ ਵੱਡੀ ਲੜਾਈ, ਜਿਸਨੂੰ ਵੱਡਾ ਘੱਲੂਘਾਰਾ ਕਿਹਾ ਜਾਂਦਾ ਹੈ, ਉਹ ਕੁਤਬਾ ਬਾਹਮਣੀਆਂ ਪਿੰਡ ਵਿੱਚ ਹੋਈ ਸੀ। ਜਿਸ ਵਿੱਚ ਅੱਧੀ ਤੋਂ ਵੱਧ ਸਿੱਖ ਕੌਮ ਸ਼ਹੀਦ ਹੋ ਗਈ ਸੀ। ਪ੍ਰੰਤੂ ਅਜੋਕੇ ਧਾਰਮਿਕ ਕੱਟੜਤਾ ਦੇ ਮਾਹੌਲ ਵਿੱਚ ਇਹ ਪਿੰਡ ਸਮੁੱਚੀ ਦੁਨੀਆਂ ਨੂੰ ਇੱਕ ਸ਼ਾਂਤੀ ਅਤੇ ਭਾਈਚਾਰਕ ਸਾਂਝ ਮਜਬੂਤ ਰੱਖਣ ਦਾ ਸੰਦੇਸ਼ ਦੇ ਰਿਹਾ ਹੈ।
ਸਲਾਮਤ ਹੈ ਮਸਜਿਦ ਦੀ ਇਮਾਰਤ :ਮੁਸਲਿਮ ਭਾਈਚਾਰੇ ਦੇ ਵਿਅਕਤੀਆਂ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਕੁਤਬਾ ਬਾਹਮਣੀਆਂ ਪਿੰਡ ਮੁਸਲਮਾਨਾਂ ਦਾ ਪਿੰਡ ਹੋਇਆ ਕਰਦਾ ਸੀ। ਦੇਸ਼ ਦੀ ਵੰਡ ਵੇਲੇ ਮੁਸਲਮਾਨ ਭਾਈਚਾਰੇ ਦੇ ਲੋਕ ਪਾਕਿਸਤਾਨ ਨੂੰ ਹਿਜਰਤ ਕਰ ਗਏ ਸਨ। ਉਸ ਵੇਲੇ ਇਸ ਪਿੰਡ ਦੀਆਂ ਮੁਸਲਿਮ ਭਾਈਚਾਰੇ ਦੀਆਂ ਯਾਦਗਾਰਾਂ ਪਹਿਲਾਂ ਵਾਂਗ ਹੀ ਮੌਜੂਦ ਸਨ। ਪਿੰਡ ਦੀ ਮਸਜਿਦ ਵੀ ਉਸ ਵੇਲੇ ਦੀ ਮੌਜੂਦ ਹੈ। ਮੁਸਲਿਮ ਭਾਈਚਾਰਾ ਪਿੰਡ ਵਿੱਚ ਨਾ ਹੋਣ ਕਾਰਨ ਪਿੰਡ ਦੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਇਸਨੂੰ ਆਪਣੇ ਗੁਰਦੁਆਰਾ ਸਾਹਿਬ ਦੀ ਇਮਾਰਤ ਵਿੱਚ ਮਿਲਾ ਲਿਆ ਸੀ। ਮਸਜਿਦ ਦੀ ਇਮਾਰਤ ਪਹਿਲਾਂ ਵਾਂਗ ਸਹੀ ਸਲਾਮਤ ਖੜੀ ਸੀ, ਜਿਸਨੂੰ ਬਿਲਕੁਲ ਵੀ ਨੁਕਸਾਨਿਆ ਨਹੀਂ ਗਿਆ।
ਉਹਨਾਂ ਕਿਹਾ ਕਿ ਹੁਣ ਜਦੋਂ ਪਿੰਡ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਆ ਕੇ ਵੱਸ ਗਏ ਤਾਂ ਉਹਨਾਂ ਨੇ ਪਿੰਡ ਦੇ ਸਿੱਖ ਭਾਈਚਾਰੇ ਅਤੇ ਮੋਹਤਵਰ ਲੋਕਾਂ ਨਾਲ ਮਸਜਿਦ ਸਬੰਧੀ ਗੱਲਬਾਤ ਕਰਕੇ ਇਸਨੂੰ ਮੁਸਲਿਮ ਭਾਈਚਾਰੇ ਨੂੰ ਦੇਣ ਦੀ ਮੰਗ ਕੀਤੀ। ਜਿਸਤੋਂ ਬਾਅਦ ਸਿੱਖ ਅਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇਸ ਲਈ ਰਜ਼ਾਮੰਦੀ ਕਰਦਿਆਂ ਮਸਜਿਦ ਮੁਸਲਿਮ ਭਾਈਚਾਰੇ ਨੂੰ ਸੌਂਪਣ ਦਾ ਫ਼ੈਸਲਾ ਲਿਆ। ਇਸਤੋਂ ਬਾਅਦ ਸਾਰੇ ਪਿੰਡ ਦੇ ਲੋਕਾਂ ਨੇ ਰਲ ਮਿਲਕੇ ਇਸ ਮਸਜਿਦ ਦੀ ਇਮਾਰਤ ਨੂੰ ਮੁਰੰਮਤ ਕਰਵਾਇਆ ਅਤੇ ਹੁਣ ਇਹ ਮਸਜਿਦ ਮੁਸਲਿਮ ਭਾਈਚਾਰੇ ਨੂੰ ਸੌਂਪੀ ਗਈ ਹੈ। ਉਹਨਾਂ ਇਸ ਕਾਰਜ ਲਈ ਸਮੁੱਚੇ ਪਿੰਡ ਵਾਸੀਆਂ ਅਤੇ ਸਿੱਖ ਭਾਈਚਾਰੇ ਦਾ ਧੰਨਵਾਦ ਕੀਤਾ।
ਭਾਈਚਾਰਕ ਸਾਂਝ ਦਾ ਸੁਨੇਹਾ :ਉਥੇ ਇਸ ਸਬੰਧੀ ਪਿੰਡ ਦੇ ਸਿੱਖ ਭਾਈਚਾਰੇ ਦੇ ਬਜ਼ੁਰਗ ਸਵਰਨ ਸਿੰਘ ਨੇ ਦੱਸਿਆ ਕਿ ਦੇਸ਼ ਦੀ ਵੰਡ ਵੇਲੇ ਜਦੋਂ ਪਿੰਡ ਦੇ ਮੁਸਲਿਮ ਲੋਕ ਪਿੰਡ ਛੱਡ ਗਏ ਤਾਂ ਸਿੱਖਾਂ ਦੇ ਪਰਿਵਾਰ ਇਸ ਪਿੰਡ ਵਿੱਚ ਆ ਕੇ ਵੱਸ ਗਏ। ਉਸ ਵੇਲੇ ਮਸਜਿਦ ਦੀ ਜਗ੍ਹਾ ਨੂੰ ਗੁਰਦੁਆਰਾ ਸਾਹਿਬ ਵਿੱਚ ਸ਼ਾਮਲ ਕਰ ਲਿਆ ਗਿਆ ਸੀ। ਹੁਣ ਜਦੋਂ ਪਿੰਡ ਵਿੱਚ ਕੁੱਝ ਮੁਸਲਿਮ ਪਰਿਵਾਰ ਆ ਕੇ ਵੱਸੇ ਹਨ ਤਾਂ ਇਹ ਮਸਜਿਦ ੳਹਨਾਂ ਨੂੰ ਸੌਂਪ ਦਿੱਤੀ ਗਈ ਹੈ। ਇਸ ਮਸਜਿਦ ਨੂੰ ਮੁਰੰਮਦ ਕਰਵਾ ਕੇ ਸੋਹਣਾ ਬਣਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪਿੰਡ ਦੇ ਸਾਰੇ ਲੋਕਾਂ ਨੇ ਇੱਕ ਚੰਗੀ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਹੈ। ਉਹਨਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਅਤੇ ਮਸਜਿਦ ਦੋਵੇਂ ਇੱਕ ਹੀ ਜਗ੍ਹਾ ਵਿੱਚ ਹਨ।
ਇਹ ਵੀ ਪੜ੍ਹੋ:Preparations for the G-20 summit: ਸੀਐੱਮ ਮਾਨ ਨੇ ਅੰਮ੍ਰਿਤਸਰ ਪਹੁੰਚ ਜੀ-20 ਸੰਮੇਲਨ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ, ਕਿਹਾ-ਸੰਮੇਲਨ ਰੱਦ ਹੋਣ ਦੀ ਗੱਲਾਂ ਬੇਬੁਨਿਆਦ
ਪਿੰਡ ਦੇ ਸਰਪੰਚ ਬੂਟਾ ਸਿੰਘ ਨੇ ਦੱਸਿਆ ਕਿ ਪਿੰਡ ਦੇ ਮੁਸਲਿਮ ਅਤੇ ਸਿੱਖ ਭਾਈਚਾਰਾ ਮਿਲ ਜੁਲ ਕੇ ਰਹਿ ਰਹੇ ਹਨ। ਹੁਣ ਮਸਜਿਦ ਮੁਸਲਿਮ ਭਾਈਚਾਰੇ ਨੂੰ ਸੌਂਪ ਦਿੱਤੀ ਗਈ ਹੈ। ਮਸਜਿਦ ਦੀ ਇਮਾਰਤ ਪੁਰਾਣੀ ਸੀ ਅਤੇ ਇਸਦੀ ਹੁਣ ਮੁਰੰਮਤ ਕੀਤੀ ਗਈ ਹੈ, ਜਿਸ ਲਈ ਸਾਰੇ ਪਿੰਡ ਦੇ ਲੋਕਾਂ ਨੇ ਰਲ ਮਿਲ ਕੇ ਫ਼ੰਡ ਦਿੱਤਾ ਹੈ। ਉਹਨਾਂ ਕਿਹਾ ਕਿ ਸਾਰੇ ਧਰਮਾਂ ਦੇ ਲੋਕਾਂ ਨੂੰ ਹਮੇੇ਼ਸਾ ਰਲਮਿਲ ਕੇ ਰਹਿਣਾ ਚਾਹੀਦਾ ਹੈ।