ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਉੱਤੇ ਸਵਾਲ ਬਰਨਾਲਾ :ਬੀਤੇ ਦਿਨੀਂ ਐੱਸ. ਜੀ. ਪੀ. ਸੀ. ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਅ ਕੇ ਉਨ੍ਹਾਂ ਦੀ ਥਾਂ ਉੱਤੇ ਨਵੇਂ ਜਥੇਦਾਰ ਵੱਜੋਂ ਗਿਆਨੀ ਰਘਬੀਰ ਸਿੰਘ ਨੂੰ ਥਾਪਿਆ ਗਿਆ। ਜਿਸ ਲਈ ਉਨ੍ਹਾਂ ਨੇ ਮੀਡੀਆ ਸਾਹਮਣੇ ਆ ਕੇ ਧੰਨ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾਂ ਕਰਦਿਆਂ ਕਿਹਾ ਕਿ ਇਹ ਸੇਵਾ ਗੁਰੂ ਸਾਹਿਬ ਦੀ ਬਖ਼ਸ਼ੀਸ਼ ਹੈ। ਉਥੇ ਹੀ ਇਸ ਨਿਯੁਕਤੀ ਤੋਂ ਬਾਅਦ ਜਿਥੇ ਕੁਝ ਲੋਕ ਸਹਿਮਤੀ ਪ੍ਰਗਟਾਉਂਦੇ ਹੋਏ ਖ਼ੁਸ਼ ਨਜ਼ਰ ਆ ਰਹੇ ਹਨ ਤਾਂ ਉਥੇ ਹੀ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਏ ਜਾਣ 'ਤੇ ਕਈਆਂ ਵਿਚ ਰੋਜ਼ ਵੀ ਪਾਇਆ ਜਾ ਰਿਹਾ ਹੈ।
ਸਾਬਕਾ ਜਥੇਦਾਰ ਨੇ ਚੁੱਕੇ ਸਵਾਲ : ਇਹਨਾਂ ਵਿਚ ਹੀ ਇਕ ਨਾਮ ਹੈ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਕੇਵਲ ਸਿੰਘ ਦਾ, ਜਿੰਨਾ ਨੇ ਸਵਾਲ ਚੁੱਕੇ ਹਨ। ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਤਖ਼ਤਾਂ ਦੇ ਜੱਥੇਦਾਰਾਂ ਦੀ ਨਿਯੁਕਤੀ ਅਤੇ ਉਸਦੇ ਅਧਿਕਾਰ ਅਤੇ ਕੰਮ ਕਰਨ ਦੇ ਤਰੀਕਿਆਂ ਸਬੰਧੀ ਵਿਧੀ ਵਿਧਾਨ ਬਨਾਉਣ ਦੀ ਲੋੜ ਹੈ। ਇਸੇ ਨੂੰ ਮੁੱਖ ਰੱਖ ਕੇ ਸੰਨ 2000 ਵਿੱਚ ਉਸ ਵੇਲੇ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਐਸਜੀਪੀਸੀ ਨੂੰ ਤਖ਼ਤ ਸਾਹਿਬ ਵਲੋਂ ਹੁਕਮ ਦਿੱਤੇ ਸਨ ਕਿ ਜੱਥੇਦਾਰ ਦੀ ਨਿਯੁਕਤੀ ਲਈ ਬਾਕਾਇਦਾ ਵਿਧੀ ਵਿਧਾਨ ਬਨਾਇਆ ਜਾਵੇ।
ਮੰਗ ਅਨੁਸਾਰ ਤਖ਼ਤ ਸਾਹਿਬ ਦਾ ਪੱਕਾ ਜੱਥੇਦਾਰ : ਸਾਬਕਾ ਜੱਥੇਦਾਰ ਨੇ ਕਿਹਾ ਸੀ ਕਿ ਜੱਥੇਦਾਰ ਸਮੁੱਚੀ ਕੌਮ ਦਾ ਬਨਣਾ ਹੈ ਨਾ ਕਿ ਇੱਕ ਧਿਰ ਦਾ ਜੱਥੇਦਾਰ ਦਾ ਬਨਣਾ ਹੈ। ਜਿਸ ਕਰਕੇ ਸਾਰੀਆਂ ਪੰਥਕ ਧਿਰਾਂ ਅਤੇ ਸਮੁੱਚੀ ਕੌਮ ਨੂੰ ਨਾਲ ਲੈ ਕੇ ਜੱਥੇਦਾਰ ਚੁਨਣ ਸਬੰਧੀ ਇੱਕ ਵਿਧਾਨ ਬਣਾਇਆ ਜਾਣਾ ਚਾਹੀਦਾ ਹੈ। ਪਰ ਅਫ਼ਸੋਸ ਹੈ ਕਿ ਐਸਜੀਪੀਸੀ ਅਜੇ ਤੱਕ ਜੱਥੇਦਾਰ ਦੀ ਨਿਯੁਕਤੀ ਲਈ ਕੋਈ ਕੰਮ ਨਹੀਂ ਕਰ ਸਕੀ। ਉਹਨਾਂ ਕਿਹਾ ਕਿ ਇਸ ਤਰ੍ਹਾ ਲੱਗਦਾ ਹੈ ਕਿ ਐਸਜੀਪੀਸੀ ਨੂੰ ਚਲਾਉਣ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮੰਨਦੇ ਹੀ ਨਹੀਂ ਹਨ। ਜੇਕਰ ਐਸਜੀਪੀਸੀ ਅਕਾਲ ਤਖ਼ਤ ਸਾਹਿਬ ਨੂੰ ਮੰਨਦੀ ਹੁੰਦੀ ਤਾਂ 2000 ਵੇਲੇ ਦੇ ਹੁਕਮ ਹੁਣ ਤੱਕ ਮੰਨ ਲਈ ਜਾਂਦੀ।ਉਹਨਾਂ ਕਿਹਾ ਕਿ ਹਮੇਸ਼ਾ ਜੱਥੇਦਾਰ ਅਜਿਹੇ ਵਿਅਕਤੀ ਨੂੰ ਲਗਾਇਆ ਜਾਂਦਾ ਹੈ, ਜਿਸ ਤੋਂ ਆਪਣੀ ਮਰਜ਼ੀ ਨਾਲ ਕੰਮ ਲਿਆ ਜਾ ਸਕੇ। ਉਹਨਾਂ ਬੀਤੇ ਕੱਲ੍ਹ ਜੱਥੇਦਾਰ ਰਘੁਵੀਰ ਸਿੰਘ ਨੂੰ ਜੱਥੇਦਾਰ ਲਗਾਏ ਜਾਣ ਨਾਲ ਅਸਹਿਮਤੀ ਪ੍ਰਗਟ ਕੀਤੀ। ਉਹਨਾਂ ਕਿਹਾ ਕਿ ਬੀਤੇ ਕੱਲ ਐਸਜੀਪੀਸੀ ਪ੍ਰਧਾਨ ਨੇ ਕਿਹਾ ਹੈ ਕਿ ਕੌਮ ਦੀ ਮੰਗ ਅਨੁਸਾਰ ਤਖ਼ਤ ਸਾਹਿਬ ਦਾ ਜੱਥੇਦਾਰ ਪੱਕਾ ਲਗਾਇਆ ਜਾਣਾ ਹੈ ਨਾ ਕਿ ਕਾਰਜਕਾਰੀ। ਪਰ ਕੀ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦਾ ਪੱਕਾ ਜੱਥੇਦਾਰ ਨਿਯੁਕਤ ਨਹੀਂ ਕੀਤਾ ਜਾ ਸਕਦਾ ਸੀ।
ਮੌਜੂਦਾ ਐਸਜੀਪੀਸੀ ਦਾ ਪੂਰਾ ਨਿਜ਼ਾਮ ਹੀ ਬਿਖਰ ਚੁੱਕਿਆ: ਇਸ ਸਭ ਕੇਵਲ ਤੇ ਕੇਵਲ ਬਾਦਲ ਧੜੇ ਦਾ ਐਸਜੀਪੀਸੀ 'ਤੇ ਕਬਜ਼ਾ ਹੈ, ਉਹਨਾਂ ਦੀ ਇੱਛਾ ਪੂਰਤੀ ਲਈ ਨਵਾਂ ਜੱਥੇਦਾਰ ਲੱਭ ਕੇ ਲਗਾਇਆ ਗਿਆ ਹੈ। ਉਹਨਾਂ ਕਿਹਾ ਕਿ ਸਾਡੀ ਕਿਸੇ ਵਿਅਕਤੀਨਾਲ ਨਿੱਜੀ ਕੋਈ ਰੰਜਿਸ਼ ਨਹੀਂ ਹੈ। ਪਰ ਬੀਤੇ ਕੱਲ੍ਹ ਜੱਥੇਦਾਰ ਲਗਾਉਣ ਦੇ ਲਏ ਫ਼ੈਸਲੇ ਨੂੰ ਕੋਈ ਸਵੀਕਾਰ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ ਸਮੁੱਚੀ ਕੌਮ ਅਤੇ ਸਾਰੀਆਂ ਪੰਥਕ ਧਿਰਾਂ ਨੂੰ ਨਾਲ ਲੈ ਕੇ ਜੱਥੇਦਾਰ ਦੀ ਨਿਯੁਕਤੀ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਮੌਜੂਦਾ ਐਸਜੀਪੀਸੀ ਦਾ ਪੂਰਾ ਨਿਜ਼ਾਮ ਹੀ ਬਿਖਰ ਚੁੱਕਿਆ ਹੈ ਅਤੇ ਐਸਜੀਪੀਸੀ ਦੇ ਪ੍ਰਬੰਧਕ ਝੂਠ ਬੋਲ ਕੇ ਪੰਥ ਨਾਲ ਧੋਖਾ ਕਰ ਰਹੇ ਹਨ। ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਐਸਜੀਪੀਸੀ ਤੋਂ ਮੰਗ ਕੀਤੀ ਸੀ ਕਿ ਇੱਕ ਨਿੱਜੀ ਚੈਨਲ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਨ ਬੰਦ ਕਰਕੇ ਐਸਜੀਪੀਸੀ ਆਪਣਾ ਚੈਨਲ ਚਲਾਵੇ, ਜਿਸਤੋਂ ਬਾਅਦ ਨਿੱਜੀ ਚੈਨਲ ਦੇ ਮਾਲਕ ਅਤੇ ਬਾਦਲ ਪਰਿਵਾਰ ਇਸ ਗੱਲ ਤੋਂ ਔਖਾ ਹੋ ਗਿਆ।
ਉਹਨਾਂ ਇਹ ਵੀ ਦੋਸ਼ ਲਗਾਇਆ ਕਿ ਬਾਦਲ ਪਰਿਵਾਰ ਨਵੇਂ ਲਗਾਏ ਜੱਥੇਦਾਰ ਤੋਂ ਆਪਣੇ ਆਪ ਨੂੰ ਮੁਆਫ਼ੀ ਲੈਣਾ ਚਾਹੁੰਦੇ ਹਨ। ਪੰਥਕ ਸਫ਼ਾ ਵਿੱਚ ਗੱਲਹੈ ਕਿ ਬਰਗਾੜੀ ਅਤ ਕੋਟਕਪੁਰਾ ਵਿਖੇ ਬੇਅਦਬੀ ਅਤੇ ਗੋਲੀਕਾਂਡ ਦੀਆਂ ਵਾਪਰੀਆਂ ਘਟਨਾਵਾਂ ਸਬੰਧੀ ਨਵੇਂ ਜੱਥੇਦਾਰ ਤੋਂ ਮੁਆਫ਼ੀ ਲੈਣਾ ਚਾਹੁੰਦੇ ਹਨ, ਜਦਕਿ ਬਾਦਲਾਂ ਨੂੰ ਗਿਆਨ ਹਰਪ੍ਰੀਤ ਸਿੰਘ ਤੋਂ ਮੁਆਫ਼ੀ ਦੀ ਕੋਈ ਉਮੀਦ ਨਹੀਂ ਸੀ। ਉਹਨਾਂ ਕਿਹਾ ਕਿ ਸਪੰਜੇ ਜੱਥੇਦਾਰਾਂ ਦੀ ਚੋਣ ਸਬੰਧੀ ਵਿਧਾਨ ਤੈਣ ਕੀਤਾ ਜਾਣਾ ਚਾਹੀਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਐਸਜੀਪੀਸੀ ਦੇ ਪ੍ਰਬੰਧ ਤੋਂ ਆਜ਼ਾਦ ਹੋਣਾ ਚਾਹੀਦਾ ਹੈ।