ਬਰਨਾਲਾ: ਸਥਾਨਕ ਸੇਖਾ ਰੋਡ ਨਾਲ ਸਬੰਧਤ ਮਹਿਲਾ ਜੋ ਕੋਰੋਨਾ ਪਾਜ਼ੀਟਿਵ ਸੀ, ਨੇ ਕਰੋਨਾ ਵਾਇਰਸ ਖ਼ਿਲਾਫ ਜੰਗ ਜਿੱਤ ਲਈ ਹੈ। ਇਸ ਮਹਿਲਾ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਤੋਂ ਛੁੱਟੀ ਮਿਲਣ ਮਗਰੋਂ ਬਰਨਾਲਾ ਸਿਵਲ ਹਸਪਤਾਲ ਤੋਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਘਰ ਭੇਜਿਆ ਗਿਆ।
ਸਿਵਲ ਹਸਪਤਾਲ ਬਰਨਾਲਾ ਵਿਖੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਤੇ ਸਿਹਤ ਅਮਲੇ ਵੱਲੋਂ ਅੱਜ ਰਾਧਾ ਰਾਣੀ (44) ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰ ਕੇ ਉਸ ਦੀ ਹੌਸਲਾ ਅਫਜ਼ਾਈ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਸਿਹਤ ਅਮਲੇ ਨੂੰ ਵੀ ਵਧਾਈ ਦਿੱਤੀ ਗਈ।
ਸਿਵਲ ਸਰਜਨ ਬਰਨਾਲਾ ਡਾ.ਗੁਰਿੰਦਰਬੀਰ ਸਿੰਘ ਨੇ ਕਿਹਾ ਕਿ ਇਹ ਬਰਨਾਲਾ ਵਾਸੀਆਂ ਲਈ ਸੁਖਦ ਖ਼ਬਰ ਹੈ ਅਤੇ ਸਾਰਿਆਂ ਦੇ ਸਹਿਯੋਗ ਅਤੇ ਮਿਹਨਤ ਦਾ ਨਤੀਜਾ ਹੈ, ਜਿਸ ਬਦੌਲਤ ਇਸ ਮਹਿਲਾ ਨੇ ਕਰੋਨਾ ਖ਼ਿਲਾਫ ਜੰਗ ਜਿੱਤ ਲਈ ਹੈ।
ਇਸ ਮੌਕੇ ਰਾਧਾ ਰਾਣੀ ਨੇ ਆਖਿਆ ਕਿ ਸਭ ਤੋਂ ਜ਼ਰੂਰੀ ਮਜ਼ਬੂਤ ਇੱਛਾ ਸ਼ਕਤੀ ਹੈ, ਜਿਸ ਨਾਲ ਇਹ ਜੰਗ ਜਿੱਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਕਰੋਨਾ ਵਾਇਰਸ ਤੋਂ ਬਚਣ ਲਈ ਜ਼ਰੂਰੀ ਇਹਤਿਆਤ ਵਰਤੇ ਜਾਣ ਅਤੇ ਉਸ ਨੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਸਬੰਧਤ ਮਹਿਲਾ ਦੀ ਰਿਪੋਰਟ 5 ਅਪ੍ਰੈਲ ਨੂੰ ਪਾਜ਼ੀਟਿਵ ਆਈ ਸੀ ਤੇ ਹੁਣ ਲਗਾਤਾਰ ਰਿਪੋਰਟਾਂ ਨੈਗੇਟਿਵ ਆਉਣ ਤੋਂ ਬਾਅਦ ਉਹ ਕਰੋਨਾ ਤੋਂ ਮੁਕਤ ਪਾਈ ਗਈ ਹੈ।
ਉਨਾਂ ਦੱਸਿਆ ਕਿ ਹੁਣ ਤੱਕ ਜ਼ਿਲੇ ਵਿਚ 89 ਸੈਂਪਲ ਲਏ ਜਾ ਚੁੱਕੇ ਹਨ, ਜਿਨਾਂ ਵਿੱਚੋਂ 2 ਪਾਜ਼ੀਟਿਵ ਆਏ ਸਨ। ਇਨਾਂ ਵਿਚੋਂ ਇੱਕ ਮਰੀਜ਼ ਦੀ ਲੁਧਿਆਣਾ ਹਸਪਤਾਲ ਵਿਚ ਮੌਤ ਹੋ ਗਈ ਸੀ ਤੇ ਦੂਜਾ ਮਰੀਜ਼ ਸਿਹਤਯਾਬ ਹੋ ਗਿਆ ਹੈ। ਇਸ ਤੋਂ ਇਲਾਵਾ 13 ਸੈਂਪਲਾਂ ਦੀ ਰਿਪੋਰਟ ਅਜੇ ਪੈਂਡਿੰਗ ਹੈ, ਜਿਨਾਂ ਵਿਚੋ 8 ਦੁਬਾਰਾ ਭੇਜੇ ਗਏ ਹਨ। ਇਸ ਤੋਂ ਇਲਾਵਾ 75 ਵਿਅਕਤੀ ਘਰਾਂ ਵਿਚ ਇਕਾਂਤਵਾਸ ਕੀਤੇ ਹੋਏ ਹਨ।