ਬਰਨਾਲਾ: ਆਧੁਨਿਕਤਾ ਦੇ ਯੁੱਗ ਵਿੱਚ ਪੰਜਾਬ ਦੇ ਲੋਕ ਆਪਣੇ ਸੱਭਿਆਚਾਰ, ਵਿਰਾਸਤ ਅਤੇ ਪੁਰਾਤਨ ਇਮਾਰਤਾਂ ਤੋਂ ਦੂਰ ਹੁੰਦੇ ਜਾ ਰਹੇ ਹਨ। ਪੱਛਮੀ ਸੱਭਿਆਚਾਰ ਦੇ ਆਉਣ ਨਾਲ ਲੋਕਾਂ ਨੇ ਆਪਣਾ ਖਾਣ-ਪਾਣ, ਰਹਿਣ-ਸਹਿਣ ਅਤੇ ਪਹਿਰਾਵਾ ਸਭ ਕੁਝ ਬਦਲ ਲਿਆ ਹੈ। ਇੰਨ੍ਹਾਂ ਹੀ ਨਹੀਂ ਲੋਕਾਂ ਨੇ ਪੱਛਮੀ ਸੱਭਿਆਚਾਰ ਨਾਲ ਆਪਣੇ ਘਰਾਂ ਦੇ ਮੁਹਾਂਦਰੇ ਵੀ ਬਦਲ ਲਏ ਹਨ। ਪੁਰਾਤਨ ਸਮੇਂ ਵਿੱਚ ਬਣੀ ਹਵੇਲੀਆਂ ਨੂੰ ਲੋਕ ਅੱਜ ਦੇ ਸਮੇਂ ਵਿੱਚ ਢਾਹ ਕੇ ਨਵੇਂ ਕੋਠੀਨੁਮਾ ਘਰ ਬਣਾ ਰਹੇ ਹਨ। ਪਰ ਕੁਝ ਲੋਕ ਅਜਿਹੇ ਵੀ ਹਨ ਜੋ ਆਪਣੇ ਵਿਰਾਸਤੀ ਘਰਾਂ ਨਾਲ ਜੁੜੇ ਹੋਏ ਹਨ। ਜਿਨ੍ਹਾਂ ਨੇ ਆਪਣੇ ਪੁਰਾਤਨ ਘਰਾਂ ਦੀ ਸਾਂਭ ਸੰਭਾਲ ਕਰ ਉਨ੍ਹਾਂ ਨੂੰ ਅਜੇ ਤੱਕ ਸੰਜੋਇਆ ਹੋਇਆ ਹੈ। ਬਰਨਾਲਾ ਜ਼ਿਲ੍ਹੇ ਦੇ ਪਿੰਡ ਸੁਖਪੁਰਾ ਦਾ ਇੱਕ ਪਰਿਵਾਰ ਹੈ, ਜੋ ਆਪਣੇ ਪੁਰਖਿਆਂ ਦੀ 140 ਸਾਲ ਪੁਰਾਣੀ ਹਵੇਲੀ ਦੀ ਸੰਭਾਲ ਕਰ ਰਿਹਾ ਹੈ।
ਪੁਰਖਿਆ ਦੀ ਹਵੇਲੀ ਦੀ ਸਾਂਭ ਸੰਭਾਲ ਕਰਦੇ ਅਤੇ ਹਵੇਲੀ ਦੇ ਮਾਲਕ ਭੁਪਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਇਹ ਹਵੇਲੀ ਕਰੀਬ 1881 ਵਿੱਚ ਉਨ੍ਹਾਂ ਦੇ ਪੁਰਖਿਆਂ ਬਿਸ਼ਨ ਸਿੰਘ ਨੰਬਰਦਾਰ ਵੱਲੋਂ ਬਣਾਈ ਗਈ ਸੀ। ਉਨ੍ਹਾਂ ਦੇ ਪਿੰਡ ਸੁਖਪੁਰਾ ਦਾ ਮੁੱਢ ਇਸ ਹਵੇਲੀ ਰਾਹੀਂ ਹੀ ਬੰਨ੍ਹਿਆ ਗਿਆ ਸੀ ਸੁਖਪੁਰਾ ਪਿੰਡ ਨੂੰ ਇਸ ਤੋਂ ਪਹਿਲਾਂ ਬਿਸ਼ਨ ਸਿੰਘ ਦੇ ਕੋਠੇ ਹੀ ਆਖਿਆ ਜਾਂਦਾ ਸੀ। ਇਸ ਤੋਂ ਬਾਅਦ ਅੱਗੇ ਪੀੜ੍ਹੀ ਦਰ ਪੀੜ੍ਹੀ ਇਸ ਹਵੇਲੀ ਦੀ ਸੰਭਾਲ ਹੁੰਦੀ ਰਹੀ। ਹੁਣ ਇਸ ਹਵੇਲੀ ਵਿੱਚ ਉਹ ਆਪਣੇ ਭਰਾ ਅਤੇ ਯਾਦਵਿੰਦਰ ਸਿੰਘ ਦੇ ਨਾਲ ਪਰਿਵਾਰ ਸਮੇਤ ਰਹਿ ਰਹੇ ਹਨ।
ਭੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਹਵੇਲੀ ਸਾਰੀ ਚੂਨੇ ਦੀ ਬਣੀ ਹੋਈ ਹੈ। ਹਵੇਲੀ ਦੇ ਕਾਫੀ ਪੁਰਾਣੀ ਹੋਣ ਕਾਰਨ ਉਸ ਦੀ ਸਾਂਭ ਸੰਭਾਲ ਲਈ ਉਨ੍ਹਾਂ ਨੇ ਹਵੇਲੀ ਨੂੰ ਥੋੜਾ ਮੋਡੀਫਾਈ ਕੀਤੀ ਹੈ। ਹਵੇਲੀ ਦੀ ਕੁਝ ਥਾਵਾਂ ਉੱਤੇ ਸੀਮੈਂਟ ਲਗਾਇਆ ਹੈ। ਉਨ੍ਹਾਂ ਕਿਹਾ ਕਿ ਹਵੇਲੀ ਦੀਆਂ ਛੱਤ ਵਿੱਚ ਕਿਸੇ ਕਿਸਮ ਦੀ ਲੱਕੜ ਦੀ ਵਰਤੋਂ ਨਹੀਂ ਕੀਤੀ ਗਈ ਹੈ ਜਦਕਿ ਸਾਰੀਆਂ ਛੱਤਾਂ ਲੋਹੇ ਦੇ ਮਜ਼ਬੂਤ ਗਾਡਰਾਂ 'ਤੇ ਟਿਕੀਆਂ ਹੋਈਆਂ ਹਨ। ਜੋ ਮਜ਼ਬੂਤ ਗਾਡਰ ਹਵੇਲੀ ਦੇ ਮੁੱਖ ਛੱਤ 'ਤੇ ਹਨ। ਉਸ ਨੂੰ ਉਨ੍ਹਾਂ ਦੇ ਪੁਰਖਿਆਂ ਵੱਲੋਂ ਤਿੰਨ ਗੱਡਿਆਂ 'ਤੇ ਲੱਦ ਕੇ ਲਿਆਂਦਾ ਗਿਆ ਸੀ।