ਬਰਨਾਲਾ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਜਾਰੀ ਹੈ, ਇਸੇ ਸੰਘਰਸ਼ ਦੌਰਾਨ ਕਿਸਾਨ ਜੱਥੇਬੰਦੀਆਂ ਦੇ ਕਈ ਅਹਿਮ ਕਿਸਾਨ ਆਗੂ ਹੀਰੋ ਬਣ ਕੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਮਨਜੀਤ ਸਿੰਘ ਧਨੇਰ ਇੱਕ ਹਨ। ਮਨਜੀਤ ਧਨੇਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਨ, ਜੋ ਬਰਨਾਲਾ ਜ਼ਿਲੇ ਦੇ ਪਿੰਡ ਧਨੇਰ ਦੇ ਰਹਿਣ ਵਾਲੇ ਹਨ।
ਮਨਜੀਤ ਧਨੇਰ ਪਹਿਲੇ ਹੀ ਦਿਨ ਤੋਂ ਕੇਂਦਰ ਸਰਕਾਰ ਵਲੋਂ ਬਣਾਏ ਖੇਤੀ ਕਾਨੂੰਨਾਂ ਵਿਰੁੱਧ ਜ਼ਮੀਨੀ ਪੱਧਰ ’ਤੇ ਕਿਸਾਨਾਂ ਨੂੰ ਲਾਮਬੰਦ ਕਰਦੇ ਆ ਰਹੇ ਹਨ ਅਤੇ ਲੰਬੇ ਸਮੇਂ ਤੋਂ ਦਿੱਲੀ ਵਿਖੇ ਚੱਲ ਰਹੇ ਅਗਵਾਈ ਕਰਨ ਵਾਲੇ ਕਿਸਾਨਾਂ ਵਿੱਚੋਂ ਇੱਕ ਹਨ। ਮਨਜੀਤ ਧਨੇਰ ਇੱਕ ਧੜੱਲੇਦਾਰ ਕਿਸਾਨ ਆਗੂਆਂ ਵਿੱਚੋਂ ਇੱਕ ਹਨ, ਖੇਤੀ ਕਾਨੂੰਨ ਸੰਘਰਸ਼ ਕੋਈ ਪਹਿਲਾ ਸੰਘਰਸ਼ ਨਹੀਂ ਹੈ, ਜਿਸ ਵਿੱਚ ਮਨਜੀਤ ਧਨੇਰ ਨੇ ਮੋਹਰੀ ਰੋਲ ਅਦਾ ਕੀਤਾ ਹੋਵੇ। ਬਲਕਿ ਪਿਛਲੇ ਲੰਬੇ ਸਮੇਂ ਤੋਂ ਹਰ ਲੋਕ ਸੰਘਰਸ਼ ਦਾ ਮਨਜੀਤ ਧਨੇਰ ਹਿੱਸਾ ਰਹੇ ਹਨ। ਭਾਵੇਂ ਸੰਘਰਸ਼ ਕਿਸਾਨੀ ਹੋਵੇ ਜਾਂ ਕਿਸੇ ਵੀ ਬੇਇਨਸਾਫ਼ੀ ਦਾ ਹੋਵੇ, ਮਨਜੀਤ ਧਨੇਰ ਨੇ ਅੱਗੇ ਹੋ ਕੇ ਸੰਘਰਸ਼ ਲੜਿਆ ਹੈ।