ਬਰਨਾਲਾ: ਭਦੌੜ ਨੂੰ ਬਰਨਾਲਾ-ਬਾਜਾਖਾਨਾ ਮੁੱਖ ਮਾਰਗ ਨਾਲ ਜੋੜਨ ਵਾਲੇ ਤਿੰਨਕੋਣੀ ਤਿੰਨ ਕੋਣੀ ਚੌਕ 'ਚ ਨਾਲੀਆਂ ਦੀ ਹਾਲਤ ਇਸ ਕਦਰ ਬਦਤਰ ਹੈ ਕਿ ਦੁਕਾਨਾਂ ਵਿੱਚ ਗਾਹਕ ਵੀ ਆਉਣ ਤੋਂ ਝਿਜਕਦਾ ਹੈ। ਬਾਰਸ਼ ਦੌਰਾਨ ਤਾਂ ਗਾਹਕ ਇਧਰ ਆਉਣ ਦੀ ਸੋਚਦਾ ਵੀ ਨਹੀਂ ਹੈ।
ਚੌਕ ਦੀ ਗੰਦਗੀ ਵਿਚਕਾਰ ਦੁਕਾਨਾਂ ਚਲਾ ਰਹੇ ਦੁਕਾਨਦਾਰਾਂ ਨੇ ਦੱਸਿਆ ਕਿ ਨਗਰ ਕੌਂਸਲ ਨੇ 3 ਸਾਲਾਂ ਤੋਂ ਦੁਕਾਨਾਂ ਸਾਫ਼ ਨਹੀਂ ਕੀਤੀਆਂ, ਪਾਣੀ ਹਮੇਸ਼ਾ ਓਵਰਫਲੋਅ ਹੋ ਕੇ ਸੜਕਾਂ 'ਤੇ ਤਾਂ ਫੈਲਦਾ ਹੀ ਨਹੀਂ ਸਗੋਂ ਦੁਕਾਨਾਂ ਦੇ ਅੰਦਰ ਵੀ ਘੁਸਪੈਠ ਕਰ ਜਾਂਦਾ ਹੈ, ਜਿਸ ਕਾਰਨ ਡੇਂਗੂ, ਮਲੇਰੀਆ ਵਰਗੀਆਂ ਭਿਆਨਕ ਬੀਮਾਰੀਆਂ ਦਾ ਡਰ ਬਣਿਆ ਹੋਇਆ ਹੈ।
ਤਿੰਨ ਸਾਲਾਂ ਤੋਂ ਸਫ਼ਾਈ ਦੀ ਉਡੀਕ 'ਚ ਓਵਰਫ਼ਲੋਅ ਹੋ ਰਹੀਆਂ ਭਦੌੜ ਦੇ ਤਿੰਨ ਕੋਣੀ ਚੌਕ ਦੀਆਂ ਨਾਲੀਆਂ ਉਨ੍ਹਾਂ ਦੱਸਿਆ ਕਿ ਨਾਲੀਆਂ ਉਪਰ ਲੰਘਣ ਲਈ ਫੱਟੇ ਵਗੈਰਾ ਰੱਖਣੇ ਪੈ ਰਹੇ ਹਨ। ਸਫ਼ਾਈ ਲਈ ਨਗਰ ਕੌਂਸਲ ਨੂੰ ਵੀ ਕਈ ਵਾਰ ਦਰਖਾਸਤਾਂ ਦਿੱਤੀਆਂ ਜਾ ਚੁੱਕੀਆਂ ਹਨ ਪਰ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਸਿਰ 'ਤੇ ਜੂੰ ਨਹੀਂ ਸਰਕ ਰਹੀ।
ਇਥੋਂ ਤੱਕ ਕਿ ਐਸਡੀਐਮ ਤਪਾ ਵਰਜੀਤ ਵਾਲੀਆ ਨੂੰ ਵੀ ਦੁਕਾਨਾਂ ਦੇ ਮਾਲਕ ਵਿਨੋਦ ਕੁਮਾਰ ਸਿੰਗਲਾ ਦੀ ਅਗਵਾਈ ਵਿੱਚ ਮਿਲਿਆ, ਜਿਨ੍ਹਾਂ ਨੇ ਦੋ ਦਿਨਾਂ ਅੰਦਰ ਕਾਰਜਸਾਧਕ ਅਫ਼ਸਰ ਨੂੰ ਸਫ਼ਾਈ ਕਰਵਾਉਣ ਲਈ ਕਿਹਾ ਸੀ ਪਰ ਅੱਧੇ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਲੰਘ ਚੁੱਕਿਆ ਹੈ।
ਉਨ੍ਹਾਂ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਸਮੱਸਿਆ ਨੂੰ ਜਲਦੀ ਤੋਂ ਜਲਦੀ ਹੱਲ ਕਰਵਾਇਆ ਜਾਵੇ ਤਾਂ ਜੋ ਉਹ ਆਪਣਾ ਅਤੇ ਆਪਣੇ ਪਰਿਵਾਰਾਂ ਦਾ ਪੇਟ ਪਾਲਦੇ ਰਹਿ ਸਕਣ। ਜੇਕਰ ਹੱਲ ਜਲਦੀ ਨਾ ਕੀਤਾ ਗਿਆ ਤਾਂ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰ ਨਗਰ ਕੌਂਸਲ ਹੋਵੇਗੀ।
ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਗੁਰਚਰਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਤਿੰਨ ਕੋਣੀ 'ਤੇ ਨਾਲੀਆਂ ਦੀ ਜਿਹੜੀ ਸਮੱਸਿਆ ਆ ਰਹੀ ਹੈ ਉਹ ਨਾਜਾਇਜ਼ ਕਬਜ਼ਿਆਂ ਦੇ ਕਾਰਨ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੁਕਾਨਾਂ ਅੱਗੇ ਨਾਜਾਇਜ਼ ਥੜ੍ਹੀਆਂ ਬਣਾਈਆਂ ਹੋਈਆਂ ਹਨ, ਜਿਸ ਕਾਰਨ ਸਫ਼ਾਈ ਸੇਵਕ ਚੰਗੀ ਤਰ੍ਹਾਂ ਸਫ਼ਾਈ ਨਹੀਂ ਕਰ ਪਾ ਰਹੇ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨਾਲ ਮਿਲ ਕੇ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨਾਜਾਇਜ਼ ਥੜ੍ਹੀਆਂ ਚੁਕਵਾਈਆਂ ਜਾ ਸਕਣ ਅਤੇ ਨਾਲੀਆਂ ਦੀ ਸਫਾਈ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਦੁਕਾਨਦਾਰ ਨਗਰ ਕੌਂਸਲ ਨਾਲ ਸਹਿਯੋਗ ਨਹੀਂ ਕਰੇਗਾ ਤਾਂ ਨਗਰ ਕੌਂਸਲ ਵੱਲੋਂ ਸਖ਼ਤ ਕਦਮ ਚੁੱਕਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ।