ਬਰਨਾਲਾ :ਬਰਨਾਲਾ ਪੁਲਿਸ ਨੇ ਲੁੱਟਖੋਹ ਕਰਨ ਵਾਲੇ ਇਕ ਗਿਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਹਨਾਂ ਤੋਂ ਪੁਲਿਸ ਨੇ ਇੱਕ 12 ਬੋਰ ਦੇਸੀ ਪਿਸਤੌਲ, ਪੰਜ 12 ਬੋਰ ਅਣਚੱਲੇ ਕਾਰਤੂਸ, ਇੱਕ ਬੇਸਬਾਲ, ਇੱਕ ਚੋਰੀ ਦੀ ਕਾਰ ਤੇ ਤਿੰਨ ਮੋਟਰਸਾਈਕਲ ਬਰਾਮਦ ਕੀਤੇ ਹਨ। ਇਸ ਮੌਕੇ ਮੁਲਜ਼ਮ ਪੈਟਰੋਲ ਪੰਪ, ਸ਼ਰਾਬ ਦੇ ਠੇਕੇ ਅਤੇ ਰਾਹਗੀਰਾਂ ਨੂੰ ਲੁੱਟਣ ਦਾ ਕੰਮ ਕਰਦੇ ਹਨ। ਪੁਲਿਸ ਨੇ ਪੰਜੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਮੁਲਜ਼ਮ ਕੀਤੇ ਪੁਲਿਸ ਨੇ ਕਾਬੂ : ਡੀਐਸਪੀ ਸਤਵੀਰ ਸਿੰਘ ਨੇ ਦੱਸਿਆ ਕਿ ਬਰਨਾਲਾ ਪੁਲਿਸ ਵੱਲੋਂ ਗੁਪਤ ਸੂਚਨਾ ਮਿਲੀ ਸੀ ਕਿ ਇੰਦਰਜੀਤ ਸਿੰਘ ਉਰਫ਼ ਬਿੰਦੀ ਪੁੱਤਰ ਪਰਗਟ ਸਿੰਘ, ਕੁਲਵਿੰਦਰ ਸਿੰਘ ਉਰਫ ਬੱਬੂ ਪੁੱਤਰ ਗੁਲਜਾਰ ਸਿੰਘ, ਗੁਰਵਿੰਦਰ ਸਿੰਘ ਉਰਫ ਠੇਲਾ ਪੁੱਤਰ ਭੋਲਾ ਸਿੰਘ, ਰਵੀ ਸਿੰਘ ਪੁੱਤਰ ਮੇਲਾ ਸਿੰਘ ਵਾਸੀ ਚਾਉਕੇ ਜ਼ਿਲ੍ਹਾ ਬਠਿੰਡਾ ਅਤੇ ਲਵਪ੍ਰੀਤ ਸਿੰਘ ਉਰਫ ਲਵੀ ਪੁੱਤਰ ਭੋਲਾ ਸਿੰਘ ਵਾਸੀ ਕ੍ਰਿਪਾਲ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਨੇ ਮਿਲਕੇ ਇਕ ਗੈਂਗ ਬਣਾਇਆ ਹੋਇਆ ਹੈ, ਜਿੰਨ੍ਹਾਂ ਪਾਸ ਨਜ਼ਾਇਜ਼ ਅਸਲ੍ਹਾ, ਮਾਰੂ ਹਥਿਆਰ ਅਤੇ ਚੋਰੀ ਕੀਤੇ ਵਹੀਕਲ ਹਨ, ਜੋ ਪੈਟਰੋਲ ਪੰਪ, ਸ਼ਰਾਬ ਦੇ ਠੇਕੇ ਅਤੇ ਰਾਹਗੀਰਾਂ ਨੂੰ ਲੁੱਟਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।