ਬਰਨਾਲਾ: ਬਰਨਾਲਾ ਵਿੱਚ ਬੀਤੇ ਦਿਨੀਂ ਸਰਕਾਰੀ ਰਾਸ਼ਨ ਡੀਪੂ ਉੱਤੇ ਘਟੀਆ ਕਣਕ ਗਰੀਬ ਲੋਕਾਂ ਨੂੰ ਦਿੱਤੇ ਜਾਣ ਦੇ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਜਿਸ ਤਹਿਤ ਅਕਾਲੀ ਆਗੂਆਂ ਅਤੇ ਵਰਕਰਾਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮਾਮਲੇ ਉੱਤੇ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਬੀਤੇ ਦਿਨੀਂ ਬਰਨਾਲਾ ਦੇ ਇੱਕ ਸਰਕਾਰੀ ਰਾਸ਼ਨ ਡੀਪੂ ਉੱਤੇ ਲੋਕਾਂ ਨੂੰ ਘਟੀਆ ਕਿਸਮ ਦੀ ਕਣਕ ਵੰਡੀ ਗਈ ਹੈ। ਇਹ ਵੰਡੀ ਗਈ ਕਣਕ ਇੰਨੀ ਖਰਾਬ ਸੀ ਕਿ ਉਸਨੂੰ ਪਸ਼ੂ ਤੱਕ ਨਹੀਂ ਖਾ ਸਕਦੇ। ਆਗੂਆਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਸਤਾਏ ਗਰੀਬ ਲੋਕ ਪਹਿਲਾਂ ਹੀ ਵੱਡੀ ਮੁਸ਼ਕਲ ਨਾਲ ਆਪਣਾ ਗੁਜਾਰਾ ਕਰ ਪਾ ਰਹੇ ਹਨ।