ਬਰਨਾਲਾ: ਜ਼ਿਲ੍ਹੇ ਵਿੱਚ ਪਾਣੀ ਵਾਲੀ ਟੈਂਕੀ ਉੱਤੇ ਚੜ੍ਹੀਆਂ ਨਿੱਜੀ ਸਕੂਲ ਦੀਆਂ ਅਧਿਆਪਕਾਂ ਦਾ ਮਾਮਲਾ ਦਿਨ-ਰਾਤ ਦਾ ਸੰਘਰਸ਼ ਬਣ ਗਿਆ ਹੈ। ਸਕੂਲ ਪ੍ਰਿੰਸੀਪਲ ਤੋਂ ਦੁਖੀ ਸਕੂਲ ਅਧਿਆਪਕਾਂ ਸੋਮਵਾਰ ਨੂੰ ਪਾਣੀ ਵਾਲੀ ਟੈਂਕੀ ਉੱਤੇ ਚੜ੍ਹੀਆਂ ਸਨ ਤੇ ਸਾਰੀ ਰਾਤ ਟੈਂਕੀ ਉੱਤੇ ਹੀ ਰਹੀਆਂ।
ਇਨ੍ਹਾਂ ਵਿੱਚੋਂ ਅੱਜ ਇੱਕ ਅਧਿਆਪਕਾ ਬੇਹੋਸ਼ ਵੀ ਹੋ ਗਈ ਜਿਸ ਲਈ ਐਂਬੂਲੈਂਸ ਵੀ ਮੰਗਵਾਈ ਗਈ ਪਰ ਅਧਿਆਪਕਾ ਨੇ ਥੱਲ੍ਹੇ ਉਤਰਨ ਤੋਂ ਜਵਾਬ ਦੇ ਦਿੱਤਾ। ਪ੍ਰਦਰਸ਼ਨਕਾਰੀ ਅੱਜ ਪੈਟਰੋਲ ਦੀਆਂ ਬੋਤਲਾਂ ਵੀ ਟੈਂਕੀ ਉੱਤੇ ਲੈ ਗਏ ਅਤੇ ਮੰਗਾਂ ਨਾ ਮੰਨੇ ਜਾਣ ਉੱਤੇ ਆਪਣੇ ਆਪ ਨੂੰ ਅੱਗ ਲਗਾਉਣ ਦੀ ਧਮਕੀ ਦਿੱਤੀ ਗਈ।
ਟੈਂਕੀ ਉੱਤੇ ਚੜ੍ਹੀਆਂ ਅਧਿਆਪਕਾਂ ਨੇ ਕਿਹਾ ਕਿ ਸਕੂਲ ਪ੍ਰਿੰਸੀਪਲ ਦੀ ਬਦਸਲੂਕੀ ਤੋਂ ਉਹ ਬਹੁਤ ਦੁਖੀ ਹਨ ਜਿਸ ਕਰਕੇ ਜਿੰਨਾ ਸਮਾਂ ਪ੍ਰਿੰਸੀਪਲ ਉੱਤੇ ਪਰਚਾ ਦਰਜ ਕਰਕੇ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉੰਨਾ ਸਮਾਂ ਉਹ ਟੈਂਕੀ ਤੋਂ ਥੱਲ੍ਹੇ ਨਹੀਂ ਉਤਰਨਗੀਆਂ।
ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਵੱਲ ਪੁਲਿਸ ਪ੍ਰਸ਼ਾਸਨ ਨੇ ਧਿਆਨ ਨਾ ਦਿੱਤਾ ਤਾਂ ਪੈਟਰੋਲ ਦੀਆਂ ਬੋਤਲਾਂ ਉਨ੍ਹਾਂ ਦੇ ਕੋਲ ਹਨ ਅਤੇ ਉਹ ਅੱਗ ਲਗਾ ਕੇ ਇਥੇ ਹੀ ਆਪਣੀ ਜਾਨ ਦੇ ਦੇਣਗੀਆਂ।ਇਸ ਮਾਮਲੇ ਵਿੱਚ ਸਕੂਲ ਮੈਨੇਜਮੈਂਟ ਵਲੋਂ ਵੀ ਪ੍ਰਿੰਸੀਪਲ ਦੇ ਹੱਕ ਵਿੱਚ ਸਕੂਲ ਸਟਾਫ਼ ਬੁਲਾਇਆ ਗਿਆ ਜਿਸ ਦੌਰਾਨ ਪ੍ਰਿੰਸੀਪਲ ਦੇ ਹੱਕ ਵਿੱਚ ਆਈਆਂ ਅਧਿਆਪਕਾਵਾਂ ਨੇ ਪ੍ਰਿੰਸੀਪਲ ਨੂੰ ਸਲੂਟ ਤੱਕ ਕਰ ਦਿੱਤੇ।
ਇਸ ਸਬੰਧੀ ਪ੍ਰਿੰਸੀਪਲ ਦੇ ਹੱਕ ਵਿੱਚ ਆਈਆਂ ਅਧਿਆਪਕਾਂ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਸਕੂਲ ਵਿੱਚ ਨੌਕਰੀ ਕਰ ਰਹੀਆਂ ਹਨ। ਸਕੂਲ ਪ੍ਰਿੰਸੀਪਲ ਪਿਛਲੇ ਢਾਈ ਸਾਲਾਂ ਤੋਂ ਸਕੂਲ ਵਿੱਚ ਹਨ। ਉਹ ਸਕੂਲ ਦੀਆਂ ਸਾਰੀਆਂ ਮਹਿਲਾ ਅਧਿਆਪਕਾਂ ਨੂੰ ਬੱਚਿਆਂ ਦੀ ਤਰ੍ਹਾਂ ਰੱਖਦੇ ਹਨ।
ਉਨ੍ਹਾਂ ਕਿਹਾ ਕਿ ਸਕੂਲ ਪ੍ਰਿੰਸੀਪਲ ਇੱਕ ਮਿਲਟਰੀ ਤੋਂ ਰਿਟਾਇਰ ਕਰਨਲ ਹਨ ਅਤੇ ਦੇਸ਼ ਦੀ ਸੇਵਾ ਵਿੱਚ ਆਪਣੀ ਪੂਰੀ ਜਿੰਦਮੀ ਗੁਜ਼ਾਰ ਚੁੱਕੇ ਹਨ ਅਤੇ ਸਕੂਲ ਵਿੱਚ ਕਿਸੇ ਵੀ ਸਟਾਫ਼ ਨੂੰ ਪ੍ਰਿੰਸੀਪਲ ਨਾਲ ਕੋਈ ਸ਼ਿਕਾਇਤ ਨਹੀਂ ਹੈ।