ਬਰਨਾਲਾ:ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਫੈਸਲੇ ਅਨੁਸਾਰ ਸਿੱਖਿਆ ਸਕੱਤਰ ((Education Secretary) ) ਦੇ ਬਰਨਾਲਾ ਜ਼ਿਲ੍ਹੇ ਵਿੱਚ ਆਉਣ 'ਤੇ ਜ਼ਿਲ੍ਹਾ ਬਰਨਾਲਾ ਇਕਾਈ ਨੇ ਸਿੱਖਿਆ ਸਕੱਤਰ ਦੀ ਅਰਥੀ ਨੂੰ ਫੂਕਿਆ ਗਿਆ। ਇਸ ਮੌਕੇ ਜ਼ਿਲ੍ਹਾ ਕਨਵੀਨਰ ਹਰਿੰਦਰ ਮੱਲ੍ਹੀਆਂ, ਰਾਜੀਵ ਕੁਮਾਰ ਅਤੇ ਕੁਸ਼ਲ ਸਿੰਘੀ ਨੇ ਕਿਹਾ ਕਿ ਸਿੱਖਿਆ ਸਕੱਤਰ ਨੇ ਆਨਲਾਇਨ ਸਿੱਖਿਆ ਦੇ ਨਾਂ ‘ਤੇ ਸਿੱਖਿਆ ਦਾ ਬੇੜਾ ਗਰਕ ਕਰ ਦਿੱਤਾ ਹੈ ਅਤੇ ਪੰਜਾਬ ਦੇ ਅਣਭੋਲ ਬੱਚਿਆਂ ਨੂੰ ਅਸਲ ਸਿੱਖਿਆ ਤੋਂ ਦੂਰ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਅਧਿਆਪਕ ਅਤੇ ਵਿਦਿਆਰਥੀ ਇਸ ਸਮੇਂ ਡੂੰਘੀ ਮਾਨਸਿਕ ਪੀੜਾ ‘ਚੋਂ ਲੰਘ ਰਹੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਸਿਲੇਬਸ ਅਨੁਸਾਰ ਪੜ੍ਹਾਉਣ ਨਹੀਂ ਦਿੱਤਾ ਜਾ ਰਿਹਾ।
ਇਸ ਮੌਕੇ ਆਗੂ ਮਾਲਵਿੰਦਰ ਬਰਨਾਲਾ ,ਅਮਰੀਕ ਸਿੰਘ ਭੱਦਲਵੱਡ, ਤੇਜਿੰਦਰ ਸਿੰਘ ਤੇਜੀ, ਜਗਤਾਰ ਸਿੰਘ ਪੱਤੀ, ਦੇਵਿੰਦਰ ਤਲਵੰਡੀ, ਏਕਮਪ੍ਰੀਤ ਸਿੰਘ ਭੋਤਨਾ ਨੇ ਕਿਹਾ ਕਿ ਸਿੱਖਿਆ ਸਕੱਤਰ ਨੇ ਬਰਨਾਲਾ ਜ਼ਿਲ੍ਹੇ ਦੇ ਸਕੂਲਾਂ ਵਿੱਚ ਵਿਜਿਟ ਕੀਤਾ ਸੀ। ਸਾਂਝਾ ਅਧਿਆਪਕ ਮੋਰਚਾ ਪੰਜਾਬ ਨੇ ਇਹ ਫੈਸਲਾ ਕੀਤਾ ਹੋਇਆ ਹੈ ਕਿ ਜਦ ਤੱਕ ਸਿੱਖਿਆ ਸਕੱਤਰ ਆਪਣੀ ਹੈਂਕੜੀ ਛੱਡ ਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਸਲਿਆਂ ਨੂੰ ਹੱਲ ਨਹੀਂ ਕਰਦਾ। ਤਦ ਤੱਕ ਉਹ ਪੰਜਾਬ ਦੇ ਜਿਸ ਜ਼ਿਲ੍ਹੇ ਵਿੱਚ ਵੀ ਜਾਵੇਗਾ, ਉਸਦਾ ਤਿੱਖਾ ਵਿਰੋਧ ਕੀਤਾ ਜਾਵੇਗਾ ਅਤੇ ਉਸਦੇ ਪੁਤਲੇ ਸਾੜੇ ਜਾਣਗੇ।