ਬਰਨਾਲਾ: ਭਦੌੜ ਨਗਰ ਕੌਂਸਲ ਅਤੇ ਸਫਾਈ ਸੇਵਕਾਂ ਦਾ ਰੇੜਕਾ ਤਕਰੀਬਨ ਕੁਝ ਹੀ ਮਹੀਨਿਆਂ ਬਾਅਦ ਚਲਦਾ ਰਹਿੰਦਾ ਹੈ। ਹੁਣ ਫਿਰ ਨਗਰ ਕੌਂਸਲ ਭਦੌੜ ਅਧੀਨ ਕੰਮ ਕਰਦੇ ਕੱਚੇ ਅਤੇ ਪੱਕੇ ਸਫਾਈ ਸੇਵਕਾਂ ਨੂੰ ਤਿੰਨ ਮਹੀਨਿਆਂ ਦੀ ਤਨਖ਼ਾਹ ਨਹੀਂ ਮਿਲੀ। ਜਿਸ ਕਾਰਨ ਅੱਕੇ ਸਫਾਈ ਸੇਵਕਾਂ ਨੇ ਨਗਰ ਕੌਂਸਲ 'ਚ ਧਰਨਾ ਦਿੱਤਾ। ਇਹ ਧਰਨਾ ਅੱਜ ਪੰਜਵੇਂ ਦਿਨ ਵਿੱਚ ਦਾਖ਼ਲ ਹੋ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲਰਕ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ ਤਨਖਾਹਾਂ ਪਿੱਛਲੇ ਛੇ ਮਹੀਨਿਆਂ ਤੋਂ ਪੈਂਡਿੰਗ ਪਈਆਂ ਹਨ। ਬਹੁਤ ਵਾਰ ਉਨ੍ਹਾਂ ਵੱਲੋਂ ਤਨਖਾਹ ਮੰਗਣ ਤੇ ਵੀ ਉਨ੍ਹਾਂ ਨੂੰ ਤਨਖਾਹਾਂ ਜਾਰੀ ਨਹੀਂ ਕੀਤੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰਾਂ ਦੀ ਹਾਲਤ ਬਹੁਤ ਬੁਰੀ ਹੋ ਚੁੱਕੀ ਹੈ।
ਫੀਸ ਨਾਂ ਦਿੱਤੇ ਜਾਣ 'ਤੇ ਬੱਚਿਆਂ ਨੂੰ ਸਕੂਲਾਂ ਵਾਲੇ ਸਕੂਲੋਂ ਹਟਾਉਣ ਦੀਆਂ ਧਮਕੀਆਂ ਵੀ ਦੇ ਰਹੇ ਹਨ। ਪਰ ਉਹ ਬੱਚਿਆਂ ਦੀਆਂ ਸਕੂਲਾਂ ਦੀਆਂ ਫ਼ੀਸਾਂ ਭਰਨ ਤੋਂ ਵੀ ਅਸਮਰੱਥ ਹੋਏ ਪਏ ਹਨ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੀਆਂ ਛੇ ਮਹੀਨਿਆਂ ਦੀਆਂ ਤਕਰੀਬਨ ਤੀਹ ਲੱਖ ਰੁਪਏ ਤੋਂ ਵੱਧ ਤਨਖਾਹਾਂ ਨਗਰ ਕੌਂਸਲ ਦੇਣ ਤੋਂ ਆਨਾਕਾਨੀ ਕਰ ਰਹੀ ਹੈ।
ਉਨ੍ਹਾਂ ਦਾ 2012 ਤੋਂ ਪੀ ਐੱਫ ਕੱਟਿਆ ਜਾ ਰਿਹਾ ਹੈ ਪਰ ਉਨ੍ਹਾਂ ਦੇ ਖਾਤਿਆਂ ਵਿੱਚ ਜਮ੍ਹਾਂ ਨਹੀਂ ਹੋ ਰਿਹਾ। ਜਿਸ ਕਾਰਨ ਹੁਣ ਉਨ੍ਹਾਂ ਵੱਲੋਂ ਸਫ਼ਾਈ ਕਰਮਚਾਰੀਆਂ ਨਾਲ ਰਲ ਕੇ ਪਿਛਲੇ ਪੰਜ ਦਿਨਾਂ ਤੋਂ ਧਰਨਾ ਵੀ ਲਗਾਇਆ ਜਾ ਰਿਹਾ ਹੈ। ਅਜੇ ਤੱਕ ਕੋਈ ਵੀ ਪ੍ਰਸ਼ਾਸਨਿਕ ਜਾਂ ਕੋਈ ਹੋਰ ਅਧਿਕਾਰੀ ਭਰੋਸਾ ਦੇਣ ਵੀ ਨਹੀਂ ਆਇਆ। ਉਨ੍ਹਾਂ ਕਿਹਾ ਕਿ ਜੇਕਰ ਸੋਮਵਾਰ ਤੱਕ ਉਨ੍ਹਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜ਼ਬੂਰ ਹੋਣਗੇ।
ਸਫ਼ਾਈ ਸੇਵਕਾਂ ਦੇ ਪ੍ਰਧਾਨ ਜਸਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਕੱਚੇ ਪੱਕੇ ਸਫਾਈ ਸੇਵਕਾਂ ਦੀਆਂ ਤਨਖਾਹਾਂ ਦਾ ਨਗਰ ਕੌਂਸਲ ਵੱਲ ਬਕਾਇਆ ਸੀ। ਧਰਨਾ ਲਗਾਉਣ ਤੋਂ ਬਾਅਦ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਕੱਚੇ ਕਰਮਚਾਰੀਆਂ ਨੂੰ ਤਨਖਾਹਾਂ ਦੇ ਦਿੱਤੀਆਂ। ਪਰ ਉਨ੍ਹਾਂ ਦੇ ਨਾਲ ਕੰਮ ਕਰਦੇ 13 ਪੱਕੇ ਕਰਮਚਾਰੀਆਂ ਦੀਆਂ ਤਨਖਾਹਾਂ ਨਹੀਂ ਦਿੱਤੀਆਂ। ਜਿਸ ਲਈ ਉਹ ਪਿਛਲੇ ਪੰਜ ਦਿਨਾਂ ਤੋਂ ਸ਼ਹਿਰ ਦੀ ਸਫ਼ਾਈ ਨਾ ਕਰਦੇ ਹੋਏ ਨਗਰ ਕੌਂਸਲ ਅੱਗੇ ਕੂੜੇ ਦੀਆਂ ਟਰਾਲੀਆਂ ਭਰ ਕੇ ਧਰਨਾ ਲਗਾਏ ਰਹੇ ਹਨ।