ਬਰਨਾਲਾ: ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਦਾ ਤਾਣਾ ਬਾਣਾ ਉਲਝਾ ਕੇ ਰੱਖ ਦਿੱਤਾ ਹੈ। ਤੰਦਰੁਸਤ ਵਿਅਕਤੀ ਵੀ ਆਪਣੇ ਆਪ ’ਚ ਬੀਮਾਰੀ ਦੇ ਹਲਕੇ ਲੱਛਣਾਂ ਤੋਂ ਪ੍ਰੇਸ਼ਾਨ ਹੋ ਰਿਹਾ ਹੈ। ਸਭ ਤੋਂ ਵੱਧ ਸਮੱਸਿਆ ਭਾਰਤ ਵਿੱਚ ਕੋਰੋਨਾ ਦਾ ਸਾਹਮਣਾ ਕਰਨ ਵਾਲੇ ਮਰੀਜ਼ਾਂ ਨੂੰ ਆ ਰਹੀ ਹੈ। ਇਹ ਮਰੀਜ਼ ਜਿੱਥੇ ਕੋਰੋਨਾ ਮਹਾਂਮਾਰੀ ਦਾ ਸਾਹਮਣਾ ਕਰਦੇ ਹਨ, ਉਥੇ ਇਨ੍ਹਾਂ ਮਰੀਜ਼ਾਂ ਅਤੇ ਮਰੀਜ਼ਾਂ ਦੇ ਪਰਿਵਾਰਾਂ ਨੂੰ ਮਾਨਸਿਕ ਤੌਰ ’ਤੇ ਵੱਡੀ ਸਮੱਸਿਆ ਝੱਲਣੀ ਪੈਂਦੀ ਹੈ।
ਕੋਰੋਨਾ ਮਹਾਂਮਾਰੀ ਤੋਂ ਵੱਡੀ ਸਮੱਸਿਆ ਮਾਨਸਿਕ ਤਣਾਅ
ਭਾਰਤ ’ਚ ਕੋਰੋਨਾ ਪੀੜਤ ਨੂੰ ਸਮਾਜਕ ਤੌਰ ’ਤੇ ਵੱਖਰਾ ਵੇਖਿਆ ਜਾ ਰਿਹਾ ਹੈ। ਪੀੜਤ ਵਿਅਕਤੀ ਨੂੰ ਹੌਂਸਲਾ ਦੇਣ ਦੀ ਬਜਾਏ, ਉਸ ਨੂੰ ਸਮਾਜ ਲਈ ਖ਼ਤਰਾ ਸਮਝ ਲਿਆ ਜਾਂਦਾ ਹੈ। ਇਸ ਕਰਕੇ ਕੋਰੋਨਾ ਮਰੀਜ਼ਾਂ ਲਈ ਕੋਰੋਨਾ ਮਹਾਂਮਾਰੀ ਤੋਂ ਵੱਡੀ ਸਮੱਸਿਆ ਮਾਨਸਿਕ ਤਣਾਅ ਬਣ ਰਿਹਾ ਹੈ। ਇਸ ਦੌਰਾਨ ਮਰੀਜ਼ਾਂ ਦਾ ਸਭ ਤੋਂ ਚੰਗਾ ਸਾਥੀ ਮੋਬਾਈਲ ਅਤੇ ਟੀਵੀ ਰਿਹਾ।
ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਸਹਿਯੋਗ ਜ਼ਰੂਰੀ ਈਟੀਵੀ ਭਾਰਤ ਵੱਲੋਂ ਤੰਦਰੁਸਤ ਹੋ ਕੇ ਆਏ ਕੁੱਝ ਲੋਕਾਂ ਨਾਲ ਗੱਲਬਾਤ ਕੀਤੀ ਗਈ। ਇਸ ਤੋਂ ਮਾਨਸਿਕ ਤਨਾਅ ਦੀ ਸਮੱਸਿਆ ਦਾ ਪੱਖ ਸਾਹਮਣੇ ਆਇਆ ਹੈ। ਪੀੜਤ ਮਰੀਜ਼ਾਂ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਨਾਲ ਉਨ੍ਹਾਂ ਦੇ ਪਰਿਵਾਰਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ।
ਡਾਕਟਰਾਂ ਦਾ ਰਿਹਾ ਪੂਰਾ ਸਹਿਯੋਗ
ਇਸ ਸਬੰਧੀ ਪੀੜਤ ਮਰੀਜ਼ ਸ਼ਿਵ ਚੰਦ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੇ 9 ਮੈਂਬਰਾਂ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਈ ਸੀ। ਇਸ ਕਰਕੇ ਇੱਕ ਵੇਲੇ ਤਾਂ ਪੂਰਾ ਪਰਿਵਾਰ ਹੀ ਡਰ ਗਿਆ ਸੀ। ਪਰ ਹੌਲੀ ਹੌਲੀ ਇਹ ਡਰ ਜਾਂਦਾ ਰਿਹਾ। ਉਨ੍ਹਾਂ ਦੱਸਿਆ ਕਿ 15 ਦਿਨ ਇਲਾਜ਼ ਕਰਕੇ ਸਾਰਾ ਕਾਰੋਬਾਰ ਪੂਰੀ ਤਰਾਂ ਬੰਦ ਹੀ ਰਿਹਾ।
ਉਨ੍ਹਾਂ ਦੱਸਿਆ ਕਿ ਕੋਰੋਨਾ ਇਲਾਜ਼ ਦੌਰਾਨ ਪਰਿਵਾਰ ਦੇ 9 ਮੈਂਬਰ ਇੱਕੋ ਥਾਂ ਸਨ। ਡਾਕਟਰਾਂ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਗਿਆ। ਸੈਰ ਕਰਨ ਅਤੇ ਖੇਡਣ ਦੀ ਪੂਰੀ ਖੁੱਲ ਸੀ। ਖਾਣਾ ਘਰ ਵਰਗਾ ਤਾਂ ਭਾਵੇਂ ਨਹੀਂ ਮਿਲਿਆ, ਪਰ ਫ਼ਿਰ ਵੀ ਠੀਕ ਸੀ।
ਦੁੱਖਾਂ ਦਾ ਪਹਾੜ
ਕੋਰੋਨਾ ਦੀ ਜੰਗ ਜਿੱਤ ਕੇ ਆਏ ਹਰਬੰਸ ਲਾਲ ਨੇ ਕਿਹਾ ਕਿ ਸ਼ੁਰੂਆਤੀ ਦੌਰ ’ਚ ਸਭ ਤੋਂ ਵੱਧ ਪ੍ਰੇਸ਼ਾਨੀ ਆਈ। ਕੋਰੋਨਾ ਪੌਜ਼ੀਟਿਵ ਰਿਪੋਰਟ ਆਉਣ ਤੋਂ ਬਾਅਦ ਇੱਕ ਵੇਲੇ ਤਾਂ ਦੁੱਖਾਂ ਦਾ ਪਹਾੜ ਹੀ ਟੁੱਟ ਪਿਆ। ਇੱਕ ਪਾਸੇ ਕਾਰੋਬਾਰ ਠੱਪ ਹੋ ਚੁੱਕਾ ਸੀ ਅਤੇ ਦੂਜੇ ਪਾਸੇ ਛੋਟੇ ਬੱਚਿਆਂ ਦਾ ਫ਼ਿਕਰ ਸੀ। ਪੌਜ਼ੀਟਿਵ ਆਉਣ ਤੋਂ ਬਾਅਦ ਪਹਿਲੇ ਦੋ ਦਿਨ ਹੀ ਸਮੱਸਿਆ ਆਈ। ਕੋਵਿਡ ਇਲਾਜ਼ ਕੇਂਦਰ ’ਚ ਜਾਣ ਤੋਂ ਬਾਅਦ ਹੌਲੀ ਹੌਲੀ ਮਾਹੌਲ ਠੀਕ ਹੋਇਆ।
ਇਕਾਂਤਵਾਸ ਦਾ ਸਮਾਂ ਗੁਜ਼ਾਰਨਾ ਬਹੁਤ ਮੁਸ਼ਕਿਲ
ਪ੍ਰਵੀਨ ਕੁਮਾਰ ਨੇ ਦੱਸਿਆ ਕਿ ਜਦੋਂ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਤਾਂ ਇਹੀ ਲੱਗਿਆ ਕਿ ਮੇਰੀ ਰਿਪੋਰਟ ਗਲਤ ਹੈ ਕਿਉਂਕਿ ਮੇਰੇ ਵਿੱਚ ਕੋਈ ਕੋਰੋਨਾ ਦੇ ਲੱਛਣ ਨਹੀਂ ਸੀ। ਕੋਰੋਨਾ ਰਿਪੋਰਟ ਪੌਜ਼ੀਟਿਵ ਆਉਣ ਤੋਂ ਬਾਅਦ ਬਰਨਾਲਾ ਦੇ ਕੋਵਿਡ ਇਲਾਜ਼ ਕੇਂਦਰ ’ਚ ਕੋਈ ਬਹੁਤਾ ਚੰਗਾ ਇਲਾਜ਼ ਨਹੀਂ ਮਿਲਿਆ। ਇਸ ਤੋਂ ਬਾਅਦ ਦਿੱਲੀ ਵਿੱਚ ਰਹਿ ਕੇ ਆਪਣੀ ਪਤਨੀ ਅਤੇ ਆਪਣਾ ਇਲਾਜ਼ ਕਰਵਾਇਆ। ਉਨ੍ਹਾਂ ਦੱਸਿਆ ਕਿ ਇਕਾਂਤਵਾਸ ਦਾ ਸਮਾਂ ਗੁਜ਼ਾਰਨਾ ਬਹੁਤ ਮੁਸ਼ਕਿਲ ਹੈ। ਪਰ ਮੋਬਾਈਲ ਅਤੇ ਟੀਵੀ ਸਹਾਰੇ ਉਨ੍ਹਾਂ ਨੇ ਆਪਣਾ ਸਮਾਂ ਕੱਢਿਆ।
ਮਾਨਸਿਕ ਤੌਰ ’ਤੇ ਸੰਤੁਸ਼ਟੀ
ਬਰਨਾਲਾ ਦੇ ਸਿਵਲ ਸਰਜਨ ਡਾ.ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਵਿੱਚ ਹੁਣ ਤੱਕ 25 ਹਜ਼ਾਰ ਲੋਕਾਂ ਦੀ ਕੋਰੋਨਾ ਸੈਂਪਿਗ ਕੀਤੀ ਜਾ ਚੁੱਕੀ ਹੈ। ਇਸ ਵਿੱਚੋਂ 1477 ਕੇਸ ਪੌਜ਼ੀਟਿਵ ਆਏ ਹਨ। ਪਹਿਲਾਂ ਸ਼ੁਰੂਆਤੀ ਦੌਰ ’ਚ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਨੂੰ ਕੋਵਿਡ ਇਲਾਜ਼ ਕੇਂਦਰ ਵਿੱਚ ਲਿਜਾਇਆ ਜਾਂਦਾ ਸੀ। ਪਰ ਮਰੀਜ਼ਾਂ ਨੂੰ ਕੋਵਿਡ ਕੇਂਦਰ ’ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਨੂੰ ਧਿਆਨ ’ਚ ਰੱਖਦਿਆਂ ਸਰਕਾਰ ਨੇ ਮਰੀਜ਼ਾਂ ਨੂੰ ਘਰਾਂ ’ਚ ਇਲਾਜ਼ ਕਰਵਾਉਣ ਦੀ ਖੁੱਲ ਦਿੱਤੀ ਹੈ। ਇਸ ਕਰਕੇ ਹੁਣ ਮਰੀਜ਼ਾਂ ਨੂੰ ਘਰੇਲੂ ਮਾਹੌਲ ’ਚ ਇਲਾਜ਼ ਕਰਵਾਉਣ ’ਚ ਮਾਨਸਿਕ ਤੌਰ ’ਤੇ ਸੰਤੁਸ਼ਟੀ ਮਿਲ ਰਹੀ ਹੈ।
ਇਸ ਦੇ ਨਾਲ ਹੀ ਜਿਨ੍ਹਾ ਮਰੀਜ਼ਾਂ ਦਾ ਘਰ ’ਚ ਇਲਾਜ਼ ਦੌਰਾਨ ਆਕਸੀਜਨ ਲੈਵਨ ਘਟਿਆ ਹੈ, ਉਨ੍ਹਾਂ ਨੂੰ ਤੁਰੰਤ ਕੋਵਿਡ ਕੇਂਦਰ ’ਚ ਲੈ ਜਾਇਆ ਗਿਆ ਹੈ। ਕੋਵਿਡ ਕੇਂਦਰ ’ਚ ਡਾਕਟਰੀ ਟੀਮਾਂ ਵੱਲੋਂ ਚੰਗੇ ਤਰੀਕੇ ਮਰੀਜ਼ਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ।
ਨਫ਼ਰਤ ਨਹੀਂ ਪਿਆਰ ਵੰਡੋ
ਸੋ ਸਾਨੂੰ ਸਮਾਜ ਨੂੰ ਵੀ ਸਮਝਨ ਦੀ ਲੋੜ ਹੈ ਕਿ ਜੇ ਅਸੀਂ ਕਿਸੇ ਦਾ ਸਹਾਰਾ ਜਾਂ ਉਮੀਦ ਨਹੀਂ ਬਣ ਸਕਦੇ ਤਾਂ ਉਨ੍ਹਾਂ ਦੇ ਹੌਂਸਲੇ ਨੂੰ ਵੀ ੜੋੜਨ ਦਾ ਅਸੀਂ ਹੱਕ ਨਹੀਂ ਰੱਖਦੇ। ਬਿਮਾਰਾਂ ਨੂੰ ਨਫ਼ਰਤ ਨਹੀਂ ਪਿਆਰ ਵੰਡੋ ਤਾਂ ਜੋ ਉਹ ਆਪਣੀ ਪ੍ਰੇਸ਼ਾਨੀਆਂ ਨਾਲ ਹਸ ਕੇ ਨੱਜਿਠ ਸਕਣ।