ਬਰਨਾਲਾ: ਹਲਕਾ ਮਹਿਲ ਕਲਾਂ ਦੇ ਪਿੰਡ ਬੀਹਲਾ ਵਿਖੇ ਦੋ ਨੌਜਵਾਨਾਂ ਵੱਲੋਂ ਨਸ਼ੇ ਦੀ ਤੋੜ ਕਾਰਨ ਪਿੰਡ ਦੀ ਅਨਾਜ ਮੰਡੀ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਘਟਨਾ ਸਥਾਨ 'ਤੇ ਮੌਜੂਦ ਪੁਲਿਸ ਥਾਣਾ ਟੱਲੇਵਾਲ ਦੇ ਅਫ਼ਸਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਗੁਰਕੀਰਤ ਸਿੰਘ (25) ਪੁੱਤਰ ਬਲਦੇਵ ਸਿੰਘ ਵਾਸੀ ਬੀਹਲਾ ਤੇ ਜਸਵਿੰਦਰ ਸਿੰਘ ਉਰਫ਼ ਜੱਸੂ (20) ਪੁੱਤਰ ਭੁਪਿੰਦਰ ਸਿੰਘ ਉਰਫ਼ ਭੋਲਾ ਵਾਸੀ ਬੀਹਲਾ ਜੋ ਕਿ ਨਸ਼ਾ ਕਰਨ ਦੇ ਆਦੀ ਸਨ। ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਨਸ਼ੇ ਦੀ ਤੋੜ ਕਾਰਨ ਦੋਵਾਂ ਨੌਜਵਾਨਾਂ ਨੇ ਅਨਾਜ ਮੰਡੀ 'ਚ ਲੱਗੇ ਬਰੋਟੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।
ਮੌਕੇ 'ਤੇ ਹਾਜ਼ਰ ਲੋਕਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨੌਜਵਾਨਾਂ ਵੱਲੋਂ ਫਾਹਾ ਲੈਣ ਥਾਂ ਤੋਂ ਕੁਝ ਕੁ ਦੂਰੀ ਤੋਂ ਮ੍ਰਿਤਕ ਨੌਜਵਾਨਾਂ ਦੇ ਖੜੇ ਕੀਤੇ ਮੋਟਰ ਸਾਈਕਲ ਨੇੜੇ ਸ਼ਰਾਬ ਦੀ ਬੋਤਲ, ਸੀਖਾਂ ਵਾਲੀ ਡੱਬੀ ਆਦਿ ਸਮਾਨ ਵੀ ਮਿਲਿਆ ਹੈ। ਇਸ ਮੌਕੇ ਪੁਲਿਸ ਅਧਿਕਾਰੀਆਂ ਨੂੰ ਫਾਹਾ ਲੈਣ ਵਾਲੇ ਬਰੋਟੇ ਥੱਲਿਓ ਸਰਿੰਜ ਵੀ ਮਿਲੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨਾਂ ਦੀਆ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਭੇਜੀਆਂ ਗਈਆਂ ਹਨ।