ਬਰਨਾਲਾ:ਕੋਰੋਨਾ ਵਾਇਰਸ (Corona virus) ਦੀ ਚੱਲੀ ਦੂਜੀ ਲਹਿਰ ਤੋਂ ਬਾਅਦ ਵਿੱਦਿਅਕ ਅਦਾਰੇ ਪੰਜਾਬ ਸਰਕਾਰ (Government of Punjab) ਵੱਲੋਂ ਖੋਲ੍ਹੇ ਗਏ ਹਨ। ਭਾਵੇਂ ਸਰਕਾਰ ਵੱਲੋਂ ਕੋਰੋਨਾ ਨਿਯਮਾਂ (Corona instructions) ਦਾ ਪਾਲਣ ਕਰਕੇ ਸਕੂਲ ਖੋਲ੍ਹ ਦਿੱਤੇ ਗਏ ਹਨ, ਪ੍ਰੰਤੂ ਸਕੂਲਾਂ ਵਿੱਚ ਪੜ੍ਹਾਈ ਕੋਰੋਨਾ ਦੇ ਸਹਿਮ ਦੇ ਮਾਹੌਲ ਵਿਚ ਹੋ ਰਹੀ ਹੈ। ਸਕੂਲਾਂ ਦੇ ਅਧਿਆਪਕ ਕੋਰੋਨਾ ਨਿਯਮਾਂ ਨੂੰ ਲੈ ਕੇ ਅਹਤਿਆਤ ਵਰਤ ਰਹੇ ਹਨ। ਸਕੂਲਾਂ ਵਿਚ ਸਟਾਫ ਅਤੇ ਬੱਚਿਆਂ ਵੱਲੋਂ ਬਕਾਇਦਾ ਮਾਸਕ, ਸੈਨੀਟਾਈਜ਼ਰ ਅਤੇ ਸੋਸ਼ਲ ਡਿਸਟੈਂਸ ਦਾ ਧਿਆਨ ਰੱਖਿਆ ਜਾ ਰਿਹਾ ਹੈ।
ਕੋਰੋਨਾ ਦੇ ਸਹਿਮ ‘ਚ ਸਕੂਲਾਂ ‘ਚ ਹੋ ਰਹੀ ਪੜ੍ਹਾਈ ਇਸ ਸਬੰਧ ਵਿਚ ਬਰਨਾਲਾ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ ਦੇ ਅਧਿਆਪਕਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਤੋਂ ਬਾਅਦ ਸਰਕਾਰੀ ਹਦਾਇਤਾਂ 'ਤੇ ਸਕੂਲ ਖੋਲ੍ਹੇ ਗਏ ਹਨ। ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਜੋ ਹਦਾਇਤਾਂ ਕੋਰੋਨਾ ਨਿਯਮਾਂ ਦੀਆਂ ਜਾਰੀ ਕੀਤੀਆਂ ਗਈਆਂ ਹਨ।
ਅਧਿਆਪਕਾਂ ਨੇ ਦੱਸਿਆ ਕਿ ਸੋਸ਼ਲ ਡਿਸਟੈਂਸ ਦਾ ਧਿਆਨ ਰੱਖਦੇ ਹੋਏ ਕਲਾਸਾਂ ਵਿੱਚ ਸਿਰਫ਼ ਇੱਕ ਬੈਂਚ ‘ਤੇ ਇੱਕ ਹੀ ਬੱਚਾ ਬਿਠਾਇਆ ਜਾ ਰਿਹਾ ਹੈ। ਹਰ ਸਟਾਫ਼ ਦੇ ਮੈਂਬਰ ਅਤੇ ਬੱਚੇ ਦੇ ਮਾਸਕ ਪਾਉਣਾ ਜ਼ਰੂਰੀ ਹੈ। ਬੱਚਿਆਂ ਦਾ ਕਲਾਸ ਵਿੱਚ ਦਾਖ਼ਲ ਹੋਣ 'ਤੇ ਬੁਖਾਰ ਵਗੈਰਾ ਵੀ ਚੈੱਕ ਕੀਤਾ ਜਾਂਦਾ ਹੈ। ਜੇਕਰ ਕੋਈ ਬੱਚਾ ਬਿਮਾਰ ਦਿਖਾਈ ਦਿੰਦਾ ਹੈ ਤਾਂ ਉਸ ਨੂੰ ਤੁਰੰਤ ਮਾਪਿਆਂ ਨਾਲ ਸੰਪਰਕ ਕਰਕੇ ਘਰ ਭੇਜਿਆ ਜਾਂਦਾ ਹੈ ਤਾਂ ਕਿ ਉਸ ਦਾ ਸਮੇਂ ਸਿਰ ਇਲਾਜ ਹੋ ਸਕੇ।
ਅਧਿਆਪਕਾਂ ਨੇ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਵੀ ਅਧਿਆਪਕਾਂ ਨੂੰ ਪੂਰਨ ਸਾਥ ਦਿੱਤਾ ਜਾ ਰਿਹਾ ਹੈ ਅਤੇ ਵਿਦਿਆਰਥੀ ਪੜ੍ਹਾਈ ਦਾ ਮਾਹੌਲ ਦੁਬਾਰਾ ਬਣਾਉਣਾ ਚਾਹੁੰਦੇ ਹਨ। ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਬੱਚਿਆਂ ਅਤੇ ਸਕੂਲ ਸਟਾਫ਼ ਵਿੱਚੋਂ ਕੋਰੋਨਾ ਦਾ ਡਰ ਕੱਢਣ ਲਈ ਸਿੱਖਿਆ ਵਿਭਾਗ ਵੱਲੋਂ ਕੌਂਸਲਿੰਗ ਵੀ ਕਰਵਾਈ ਜਾ ਰਹੀ ਹੈ। ਜਿਸ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮਾਨਸਿਕ ਤੌਰ 'ਤੇ ਕੋਰੋਨਾ ਵਾਇਰਸ ਨਾਲ ਲੜਨ ਲਈ ਤਿਆਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ:ਪੰਜਾਬ ਦੇ ਇਸ ਸਕੂਲ ’ਚ ਆਏ ਕੋਰੋਨਾ ਦੇ ਨਵੇਂ ਮਾਮਲੇ