ਬਰਨਾਲਾ: ਸ਼ਹਿਰ ਵਿੱਚ ਕੁੜੀਆਂ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਦੇ ਸਹਿਯੋਗ ਨਾਲ ਐਨਐਸਐਸ ਵਿਭਾਗ ਦੀ ਅਗਵਾਈ ਵਿੱਚ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ ਅਤੇ ਜਾਗਰੂਕਤਾ ਰੈਲੀ ਦੌਰਾਨ ਵਿਦਿਆਰਥਣਾਂ ਨੇ ਲੋਕਾਂ ਨੂੰ ਨਸ਼ੇ ਦੇ ਮਾੜੇ ਅਸਰ ਬਾਰੇ ਜਾਗਰੁਕ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਪ੍ਰੋਫੈਸਰ ਅਰਚਨਾ ਨੇ ਕਿਹਾ ਕਿ ਅੱਜ ਉਹਨਾਂ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਦੇ ਸਹਿਯੋਗ ਨਾਲ ਐਨਐਸਐਸ ਵੱਲੋਂ ਨਸ਼ਾ ਵਿਰੋਧੀ ਰੈਲੀ ਸ਼ਹਿਰ ਵਿੱਚ ਕੱਢੀ ਗਈ ਹੈ। ਜਿਸ ਦਾ ਮੰਤਵ ਲੋਕਾਂ ਨੂੰ ਨਸ਼ੇ ਪ੍ਰਤੀ ਜਾਗਰੂਕ ਕਰਨਾ ਹੈ। ਉਹਨਾਂ ਕਿਹਾ ਕਿ ਨਸ਼ਾ ਸਾਡੇ ਘਰਾਂ ਨੂੰ ਉਜਾੜ ਰਿਹਾ ਹੈ, ਪੰਜਾਬ ਦੀ ਜਵਾਨੀ ਤਬਾਹ ਕਰ ਰਿਹਾ ਹੈ ਅਤੇ ਸਾਡੇ ਸੜਕ ਦੁਰਘਟਨਾਵਾਂ ਦਾ ਕਾਰਨ ਬਣ ਰਿਹਾ ਹੈ।
ਨਸ਼ੇ ਦੇ ਕੌੜ ਵਿੱਚ ਗਲਤਾਨ: ਉਨ੍ਹਾਂ ਕਿਹਾ ਕਿ ਇਸ ਨਸ਼ੇ ਦੇ ਕੌੜ ਵਿੱਚ ਗਲਤਾਨ ਹੋਕੇ ਮਾਵਾਂ ਦੇ ਪੁੱਤ ਨਸ਼ੇੜੀ ਬਣ ਰਹੇ ਹਨ। ਜਦਕਿ ਪੰਜਾਬ ਪਹਿਲਾਂ ਅਜਿਹਾ ਨਹੀਂ ਸੀ, ਉਹਨਾਂ ਕਿਹਾ ਕਿ ਅੱਜ ਸੜਕਾਂ ਉੱਤੇ ਜਾਗਰੂਕਤਾ ਫ਼ੈਲਾਉਣ ਲਈ ਲੜਕੀਆਂ ਨੂੰ ਨਾਲ ਲੈ ਕੇ ਆਏ ਹਾਂ, ਕਿਉਂਕਿ ਨਸ਼ਾ ਸਭ ਤੋਂ ਵੱਧ ਪ੍ਰਭਾਵਿਤ ਔਰਤਾਂ ਕਰਦਾ ਹੈ। ਉਨ੍ਹਾਂ ਕਿਹਾ ਨਸ਼ਾ ਭਾਵੇਂ ਜ਼ਿਆਦਾਤਰ ਮਰਦ ਕਰਦੇ ਨੇ ਪਰ ਉਨ੍ਹਾਂ ਦੇ ਨਸ਼ਾ ਕਰਨ ਨਾਲ ਇੱਕ ਔਰਤ ਨੂੰ ਭੈਣ, ਮਾਂ, ਪਤਨੀ ਜਾਂ ਧੀਆਂ ਦੇ ਰੂਪ ਵਿੱਚ ਸੰਤਾਪ ਹੰਢਾਉਣਾ ਪੈਂਦਾ ਹੈ ਅਤੇ ਇਸ ਕਰਕੇ ਅੱਜ ਸਾਡੀਆਂ ਧੀਆਂ ਸਭ ਨੂੰ ਨਸ਼ਿਆਂ ਵਿਰੁੱਧ ਜਾਗਰੁਕ ਕਰ ਰਹੀਆਂ ਨੇ ਤਾਂ ਜੋ ਨਸ਼ੇ ਦੇ ਕੌੜ ਨੂੰ ਵੱਢਿਆ ਜਾ ਸਕੇ । ਉਹਨਾਂ ਸਰਕਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਰਾਤੋਂ ਰਾਤ ਨੋਟਬੰਦੀ ਹੋ ਸਕਦੀ ਹੈ ਤਾਂ ਰਾਤੋਂ ਰਾਤ ਨਸ਼ਾਬੰਦੀ ਕਿਉਂ ਨਹੀਂ ਹੋ ਸਕਦੀ, ਇਸ ਲਈ ਸਰਕਾਰਾਂ ਨੂੰ ਸਖ਼ਤ ਕਦਮ ਚੁੱਕਣ ਦੀ ਲੋੜ ਹੈ।