ਬਰਨਾਲਾ: ਕੋਰੋਨਾ ਮਹਾਂਮਾਰੀ ਦੇ ਲਗਾਤਾਰ ਮਾਮਲੇ ਵਧਦੇ ਜਾ ਰਹੇ ਹਨ, ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸਖ਼ਤਾਈ ਕੀਤੀ ਗਈ ਹੈ। ਸਰਕਾਰ ਵੱਲੋਂ ਰਾਤ ਦਾ ਕਰਫਿਊ ਲਾਗੂ ਕੀਤਾ ਗਿਆ ਹੈ। ਸ਼ਾਮ 7 ਵਜੇ ਤੋਂ ਲੈ ਕੇ ਸਵੇਰ 5 ਵਜੇ ਤੱਕ ਨਾਈਟ ਕਰਫ਼ਿਊ ਲਗਾਇਆ ਗਿਆ ਹੈ।
ਬਰਨਾਲਾ ਵਿੱਚ ਵੀ ਪੂਰੀ ਸਖ਼ਤਾਈ ਨਾਲ ਇਹ ਕਰਫਿਊ ਲਾਗੂ ਕੀਤਾ ਜਾ ਰਿਹਾ ਹੈ। ਸ਼ਾਮ ਦੇ ਸਾਢੇ 6 ਵਜੇ ਹੀ ਪੁਲਿਸ ਦੀਆਂ ਗੱਡੀਆਂ ਅਤੇ ਪੀਸੀਆਰ ਮੋਟਰਸਾਈਕਲ ਬਾਜ਼ਾਰਾਂ ਵਿੱਚ ਮਾਰਚ ਕਰਦੇ ਹਨ ਅਤੇ ਦੁਕਾਨਾਂ ਬੰਦ ਕਰਵਾਈਆਂ ਜਾਂਦੀਆਂ ਹਨ। 6.30 ਵੱਜਦੇ ਹੀ ਬਰਨਾਲਾ ਦੇ ਬਾਜ਼ਾਰ ਵਿੱਚ ਦੁਕਾਨਾਂ ਦੇ ਸ਼ਟਰ ਡਿੱਗ ਪੈਂਦੇ ਹਨ।
ਬਰਨਾਲਾ 'ਚ ਸਖ਼ਤੀ ਨਾਲ ਲਾਗੂ ਕਰਵਾਇਆ ਜਾ ਰਿਹਾ ਨਾਈਟ ਕਰਫ਼ਿਊ ਸਰਕਾਰ ਅਤੇ ਪ੍ਰਸ਼ਾਸਨ ਦੀ ਇਸ ਸਖ਼ਤਾਈ ਦੇ ਕਾਰਨ ਦੁਕਾਨਦਾਰਾਂ ਅਤੇ ਵਪਾਰੀ ਵਰਗ ਵਿੱਚ ਰੋਸ ਵੀ ਹੈ ਕਿਉਂਕਿ 6 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਦੁਕਾਨਾਂ 'ਤੇ ਖਰੀਦਦਾਰੀ ਦਾ ਸਮਾਂ ਹੁੰਦਾ ਹੈ, ਪਰ ਸਰਕਾਰ ਵੱਲੋਂ ਸਖ਼ਤਾਈ ਨਾਲ ਸਾਢੇ 6 ਵਜੇ ਹੀ ਦੁਕਾਨਾਂ ਬੰਦ ਕਰਵਾ ਦਿੱਤੀਆਂ ਜਾਂਦੀਆਂ ਹਨ। ਇਸ ਕਰਕੇ ਬਾਜ਼ਾਰ ਵਿੱਚ ਹਫ਼ੜਾ-ਦਫ਼ੜੀ ਮੱਚ ਜਾਂਦੀ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਸ਼ਹਿਰ ਵਾਸੀਆਂ ਨੇ ਕਿਹਾ ਕਿ ਭਾਵੇਂ ਕੋਰੋਨਾ ਵਾਇਰਸ ਨੂੰ ਰੋਕਣ ਲਈ ਸਰਕਾਰ ਵੱਲੋਂ ਸਖ਼ਤਾਈ ਕਰਨੀ ਜ਼ਰੂਰੀ ਹੈ। ਪਰ ਇਸ ਸਖ਼ਤਾਈ ਦਾ ਵਪਾਰੀ ਵਰਗ ਅਤੇ ਦੁਕਾਨਦਾਰਾਂ ਨੂੰ ਨੁਕਸਾਨ ਵੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਤ ਦੇ ਸਮੇਂ ਕਰਫ਼ਿਊ ਲਾਗੂ ਕਰਨ ਨਾਲ ਕੋਰੋਨਾ ਵਾਇਰਸ ਰੁਕਣ ਵਾਲਾ ਨਹੀਂ ਹੈ।