ਬਰਨਾਲਾ (ਭਦੌੜ): ਸਿਹਤ ਵਿਭਾਗ ਬਰਨਾਲਾ ਵਲੋਂ ਮੈਡੀਕਲ ਨਸ਼ਾ ਵੇਚਣ ਵਾਲੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਸਿਵਲ ਸਰਜਨ ਬਰਨਾਲਾ ਸ੍ਰੀ ਜਸਵੀਰ ਔਲਖ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਬਰਨਾਲਾ ਵੱਲੋਂ ਮੈਡੀਕਲ ਸਟੋਰਾਂ 'ਤੇ ਵਿਕ ਰਹੇ ਨਸ਼ੇ ਨੂੰ ਰੋਕਣ ਲਈ ਅਹਿਮ ਕਦਮ ਚੁੱਕਦਿਆਂ ਇਕ ਨਕਲੀ ਗਾਹਕ ਬਣਾ ਕੇ ਮੈਡੀਕਲ ਸਟੋਰ 'ਤੇ ਛਾਪਾਮਾਰੀ ਕੀਤੀ ਗਈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਡਾ. ਜਸਬੀਰ ਸਿੰਘ ਔਲਖ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਉੇਨ੍ਹਾਂ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਬੱਸ ਅੱਡੇ ਨਜ਼ਦੀਕ ਇਕ ਮੈਡੀਕਲ ਸਟੋਰ 'ਤੇ ਗੈਰਕਾਨੂੰਨੀ ਤੌਰ 'ਤੇ ਮੈਡੀਕਲ ਨਸ਼ੇ ਵਜੋਂ ਵਰਤਿਆ ਜਾਂਦਾ “ਪ੍ਰੀ-ਗਾਬਾਲਿਨ 300 ਐਮ.ਜੀ ਕੈਪਸੂਲ (ਸਿਗਨੇਚਰ) ਬਿਨਾਂ ਕਿਸੇ ਡਾਕਟਰ ਦੇ ਲਿਖੇ ਤੋਂ ਵੇਚਿਆ ਜਾ ਰਿਹਾ ਹੈ।
ਡਾ. ਔਲਖ ਨੇ ਦੱਸਿਆ ਕਿ ਉਨ੍ਹਾਂ ਤੁਰੰਤ ਐਕਸ਼ਨ ਲੈਂਦਿਆ ਇਕਾਂਤ ਸਿੰਗਲਾ ਡਰੱਗ ਕੰਟਰੋਲ ਅਫ਼ਸਰ ਬਰਨਾਲਾ ਨੂੰ ਹਦਾਇਤ ਕਰਦਿਆਂ ਇੱਕ ਨਕਲੀ ਗ੍ਰਹਾਕ ਬਣਾਕੇ ਸਬੰਧਿਤ ਮੈਡੀਕਲ ਸਟੋਰ 'ਤੇ ਭੇਜਿਆ ਗਿਆ ਜਿੱਥੇ ਡਰੱਗ ਕੰਟਰੋਲ ਅਫ਼ਸਰ ਵੱਲੋਂ ਮੈਡੀਕਲ ਨਸ਼ਾ ਵੇਚਣ ਵਾਲੇ ਦੁਕਾਨ ਮਾਲਕ ਨੂੰ ਰੰਗੇ ਹੱਥੀ ਕਾਬੂ ਕੀਤਾ ਗਿਆ।