ਬਰਨਾਲਾ:ਪਿੰਡ ਗਿੱਲ ਕੋਠੇ ਦੇ ਅਗਾਂਹਵਧੂ ਕਿਸਾਨ ਫਸਲੀ ਰਹਿੰਦ-ਖੂੰਹਦ ਦੇ ਸੁਚੱਜੇ ਨਿਬੇੜੇ ਲਈ ਮੁਹਿੰਮ ’ਚ ਡਟੇ ਹੋਏ ਹਨ। ਇਸੇ ਮੁਹਿੰਮ ਬਦੌਲਤ ਪਿੰਡ ਦੇ ਕਰੀਬ 60 ਫੀਸਦੀ ਰਕਬੇ ਵਿੱਚ ਝੋਨੇ ਦੀ ਪਰਾਲੀ ਦਾ ਸੁਚੱਜਾ ਨਿਬੇੜਾ ਕੀਤਾ ਜਾਂਦਾ ਹੈ।ਜ਼ਿਲਾ ਪ੍ਰਸ਼ਾਸਨ ਬਰਨਾਲਾ (Barnala) ਵੱਲੋਂ ਅਗਾਂਹਵਧੂ ਕਿਸਾਨਾਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਕਿਸਾਨ ਜਸਵੰਤ ਸਿੰਘ ਦੇ ਖੇਤ ਵਿੱਚ ਬੇਲਰ ਮਸ਼ੀਨ ਦੀ ਪ੍ਰਦਰਸ਼ਨੀ ਲਾਈ ਗਈ। ਇਸ ਮੌਕੇ ਪੁੱਜੇ ਉਪ ਮੰਡਲ ਮੈਜਿਸਟ੍ਰੇਟ ਵਰਜੀਤ ਵਾਲੀਆ ਨੇ ਆਖਿਆ ਕਿ ਇਸ ਪਿੰਡ ਦੇ ਜਸਵੰਤ ਸਿੰਘ ਅਤੇ ਹੋਰ ਕਿਸਾਨ ਕਈ ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਾ ਰਹੇ।ਜੋ ਬਹੁਤ ਸ਼ਲਾਘਾਯੋਗ ਹੈ। ਇਸ ਮੌਕੇ ਬੇਲਰ ਨਾਲ ਕਰੀਬ 5 ਏਕੜ (Acres) ਰਕਬੇ ਵਿਚ ਪਰਾਲੀ ਦੀਆਂ ਗੱਠਾਂ ਬਣਾਈਆਂ ਗਈਆਂ।
ਪਰਾਲੀ ਪ੍ਰਬੰਧਨ: ਹੋਰਨਾਂ ਲਈ ਮਿਸਾਲ ਬਣੇ ਪਿੰਡ ਗਿੱਲ ਕੋਠੇ ਦੇ ਕਿਸਾਨ ਆਧੁਨਿਕ ਮਸ਼ੀਨਰੀ ਦੀ ਸਹਾਇਤਾ ਨਾਲ ਪਰਾਲੀ ਕੀਤਾ ਖਤਮ
ਇਸ ਮੌਕੇ ਕਿਸਾਨ ਜਸਵੰਤ ਸਿੰਘ ਨੇ ਦੱਸਿਆ ਕਿ ਉਹ ਕਰੀਬ 65 ਏਕੜ ਰਕਬੇ ਵਿੱਚ ਖੇਤੀ ਕਰਦੇ ਹਨ ਅਤੇ ਸਾਲ 2011 ਤੋਂ ਫਸਲੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਾਈ ਹੈ। ਉਨ੍ਹਾਂ ਕਿਹਾ ਕਿ ਪਰਾਲੀ ਦੀ ਅੱਗ ਦੇ ਧੂੰਏਂ ਕਾਰਨ ਸਾਹ ਦੀ ਦਿੱਕਤ ਕਾਰਨ ਉਨਾਂ ਨੇ ਕਈ ਆਪਣਿਆਂ ਦੀ ਸਿਹਤ ਦਾ ਨੁਕਸਾਨ ਹੁੰਦੇ ਦੇਖਿਆ ਤਾਂ ਉਨਾਂ ਇਸ ਰੁਝਾਨ ਤੋਂ ਤੋਬਾ ਕਰ ਲਈ। ਉਨ੍ਹਾਂ ਦੱਸਿਆ ਕਿ ਕਈ ਸਾਲ ਪਹਿਲਾਂ ਆਪਣੇ ਪੱਧਰ ’ਤੇ ਜ਼ੀਰੋ ਡਰਿੱਲ, ਰੋਟਾਵੇਟਰ, ਹੈਪੀਸੀਡਰ ਆਦਿ ਮਸ਼ੀਨਰੀ ਖਰੀਦੀ, ਜਿਸ ਸਦਕਾ ਉਹ ਪਰਾਲੀ ਦਾ ਸੁਚੱਜਾ ਨਿਬੇੜਾ ਕਰ ਰਹੇ ਹਨ।
ਪਰਾਲੀ ਪ੍ਰਬੰਧਨ: ਹੋਰਨਾਂ ਲਈ ਮਿਸਾਲ ਬਣੇ ਪਿੰਡ ਗਿੱਲ ਕੋਠੇ ਦੇ ਕਿਸਾਨ ਵਾਤਾਵਰਣ ਪੱਖੀ ਮੁਹਿੰਮ ’ਚ ਡਟੇ
ਪਿੰਡ ਦੀ ਸਰਪੰਚ ਬਲਜਿੰਦਰ ਕੌਰ ਨੇ ਦੱਸਿਆ ਕਿ ਉਨਾਂ ਦੇ ਪਤੀ ਜਸਵੰਤ ਸਿੰਘ ਕਈ ਸਾਲਾਂ ਤੋਂ ਵਾਤਾਵਰਣ ਪੱਖੀ ਮੁਹਿੰਮ ’ਚ ਡਟੇ ਹੋਏ ਹਨ। ਉਨ੍ਹਾਂ ਦੱਸਿਆ ਕਿ ਪਿੰਡ ਦਾ ਕੁੱਲ ਰਕਬਾ 450 ਏਕੜ ਦੇ ਕਰੀਬ ਹੈ ਅਤੇ 250 ਏਕੜ ਦੇ ਕਰੀਬ ਰਕਬੇ ਵਿਚ ਕਿਸਾਨ ਪਰਾਲੀ ਦਾ ਸੁਚੱਜਾ ਨਿਬੇੜਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਪਿੰਡ ਦੀ ਪੰਚਾਇਤ ਵੱੱਲੋਂ ਸਾਂਝੇ ਉਦਮ ਸਦਕਾ ਸਬਸਿਡੀ ’ਤੇ ਮਸ਼ੀਨਰੀ ਲਈ ਅਪਲਾਈ ਕੀਤਾ ਹੋਇਆ ਹੈ ਤਾਂ ਜੋ ਪਿੰਡ ਦੇ 100 ਫੀਸਦੀ ਰਕਬੇ ਵਿਚ ਫਸਲੀ ਰਹਿੰਦ-ਖੂੰਹਦ ਦਾ ਸੁਚੱਜਾ ਨਿਬੇੜਾ ਕੀਤਾ ਜਾਵੇ।
2011 ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ
ਕਿਸਾਨ ਹਰਜੀਤ ਸਿੰਘ ਨੇ ਦੱਸਿਆ ਕਿ ਉਨਾਂ ਕੋਲ 5 ਏਕੜ ਜ਼ਮੀਨ ਹੈ ਅਤੇ ਉਹ ਵੀ ਸਾਲ 2011 ਤੋਂ ਪਰਾਲੀ ਤੇ ਨਾੜ ਨੂੰ ਅੱਗ ਨਹੀਂ ਲਾ ਰਹੇ। ਉਨ੍ਹਾਂ ਦੱਸਿਆ ਕਿ ਉਹ ਪਿੰਡ ਦੀ ਪੰਚਾਇਤ ਤੇ ਮੋਹਤਬਰਾਂ ਦੇ ਸਹਿਯੋਗ ਨਾਲ ਪੌਦਿਆਂ ਦੀ ਸੰਭਾਲ ਵਿਚ ਡਟੇ ਹੋਏ ਹਨ ਅਤੇ ਵਾਤਾਵਰਣ ਤੇ ਸਿਹਤ ਬਚਾਉਣ ਖਾਤਰ ਉਨ੍ਹਾਂ ਨੇ ਪਰਾਲੀ ਸਾੜਨੀ ਕਈ ਸਾਲਾਂ ਤੋਂ ਬੰਦ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇੱਛਾ ਹੋਵੇ ਅਤੇ ਸਾਂਝਾ ਹੰਭਲਾ ਮਾਰਿਆ ਜਾਵੇ ਤਾਂ ਛੋਟੇ ਕਿਸਾਨ ਵੀ ਪਰਾਲੀ ਸਾੜਨ ਦੇ ਰੁਝਾਨ ਤੋਂ ਨਿਜਾਤ ਪਾ ਸਕਦੇ ਹਨ।
ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਦੀ ਸ਼ਲਾਘਾ
ਡਿਪਟੀ ਕਮਿਸ਼ਨਰ ਸੌਰਭ ਰਾਜ ਨੇ ਪਿੰਡ ਗਿੱਲ ਕੋਠੇ ਦੇ ਕਿਸਾਨਾਂ ਦੀ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਪਿੰਡ ਦੇ ਮੋਹਤਬਰਾਂ ਦੇ ਉਦਮ ਸਦਕਾ ਵੱਡੀ ਗਿਣਤੀ ਕਿਸਾਨ ਫਸਲੀ ਰਹਿੰਦ-ਖੂੰਹਦ ਦਾ ਸੁਚੱਜਾ ਨਿਬੇੜਾ ਕਰ ਰਹੇ ਹਨ।ਉਨ੍ਹਾਂ ਕਿਹਾ ਹੈ ਕਿ ਇਹ ਕਿਸਾਨ ਹੋਰਨਾਂ ਨੂੰ ਵੀ ਪ੍ਰੇਰਿਤ ਕਰ ਰਹੇ ਹਨ।
ਇਹ ਵੀ ਪੜੋ:ਆਪ ਨੂੰ ਵੱਡਾ ਝਟਕਾ, ਵਿਧਾਇਕਾ ਰੁਪਿੰਦਰ ਰੂਬੀ ਨੇ ਪਾਰਟੀ ਦੀ ਮੈਂਬਰਸ਼ਿੱਪ ਤੋਂ ਦਿੱਤਾ ਅਸਤੀਫਾ