ਖੇਡਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ ਸੀ ਬਰਨਾਲਾ ਬਰਨਾਲਾ: ਸੂਬਾ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਅੱਜ ਐੱਸ.ਡੀ ਕਾਲਜ ਦੇ ਖੇਡ ਮੈਦਾਨ ਵਿੱਚ ਨੈੱਟਬਾਲ, ਬੈਡਮਿੰਟਨ ਅਤੇ ਟੇਬਲ ਟੈਨਿਸ ਦੇ ਸੂਬਾ ਪੱਧਰੀ ਮੁਕਾਬਲਿਆਂ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਸੂਬੇ ਭਰ ਤੋਂ ਆਏ ਸੈਂਕੜੇ ਖਿਡਾਰੀਆਂ, ਕੋਚਾਂ, ਖੇਡ ਵਿਭਾਗ ਦੇ ਕਰਮਚਾਰੀਆਂ ਤੇ ਵਿੱਦਿਅਕ ਸੰਸਥਾ ਐੱਸ.ਡੀ ਕਾਲਜ ਦੀ ਮੈਨੇਜਮੈਂਟ ਅਤੇ ਪ੍ਰਬੰਧਕਾਂ ਦੀ ਹਾਜ਼ਰੀ ਵਿਚ ਖੇਡਾਂ ਦਾ ਝੰਡਾ ਚੜ੍ਹਾ ਕੇ ਇਸ ਖੇਡ ਮਹਾਕੁੰਭ ਦਾ ਰਸਮੀ ਆਗਾਜ਼ ਕੀਤਾ ਗਿਆ। (Khedan Watan Punjab Dia)
ਪੰਜਾਬ ਵਿੱਚ ਖੇਡਾਂ ਦਾ ਮਾਹੌਲ: ਇਸ ਮੌਕੇ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਵਿੱਚ ਪੰਜਾਬ ਵਿੱਚ ਖੇਡਾਂ ਦਾ ਮਾਹੌਲ ਸਿਰਜਣ ਦੇ ਮੰਤਵ ਨਾਲ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਜਾ ਰਹੀਆਂ ਹਨ। ਇਹਨਾਂ ਖੇਡਾਂ ਦਾ ਇਸ ਵਾਰ ਦੂਜਾ ਪੜਾਅ ਸ਼ੁਰੂ ਹੋਇਆ ਹੈ। ਜਿਸ ਤਹਿਤ ਬਰਨਾਲਾ ਵਿਖੇ ਨੈੱਟਬਾਲ, ਬੈਡਮਿੰਟਨ ਅਤੇ ਟੇਬਲ ਟੈਨਿਸ ਦੇ ਸੂਬਾ ਪੱਧਰੀ ਮੁਕਾਬਲੇ ਕਰਵਾਏ ਜਾ ਰਹੇ ਹਨ। ਜਿਹਨਾਂ ਵਿੱਚ ਸੈਂਕੜੇ ਖਿਡਾਰੀ ਭਾਗ ਲੈ ਰਹੇ ਹਨ।
ਪੰਜਾਬ ਦੀ ਜਵਾਨੀ ਮੁੜ ਖੇਡਾਂ ਲਈ ਉਤਸ਼ਾਹਿਤ: ਉਹਨਾਂ ਕਿਹਾ ਕਿ ਖੇਡਾਂ ਦੇ ਸਿਰਜੇ ਮਾਹੌਲ ਨਾਲ ਪੰਜਾਬ ਦੀ ਜਵਾਨੀ ਮੁੜ ਖੇਡਾਂ ਲਈ ਉਤਸ਼ਾਹਿਤ ਹੋਈ ਹੈ ਅਤੇ ਨਸ਼ਿਆਂ ਤੋਂ ਦੂਰ ਹੋ ਰਹੀ ਹੈ, ਜੋ ਸਾਡੇ ਸੂਬੇ ਲਈ ਚੰਗਾ ਸੁਨੇਹਾ ਹੈ। ਉਹਨਾਂ ਖਿਡਾਰੀਆਂ ਨੂੰ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਥੇ ਨਾਲ ਹੀ ਉਹਨਾਂ ਕਿਹਾ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉਤੇ ਹੋਈ ਪ੍ਰਾਪਤੀਆਂ ਅਤੇ ਖਿਡਾਰੀਆਂ ਵਲੋਂ ਜਿੱਤੇ ਮੈਡਲ ਸੂਬੇ ਦੇ ਹੋਰ ਖਿਡਾਰੀਆਂ ਨੂੰ ਵੀ ਅੱਗੇ ਵੱਧਣ ਲਈ ਉਤਸ਼ਾਹਿਤ ਕਰਦੇ ਹਨ।
ਪੰਜ ਦਿਨ ਚੱਲਣਗੇ ਲੜਕੇ ਅਤੇ ਲੜਕੀਆਂ ਦੇ ਖੇਡ ਮੁਕਾਬਲੇ:ਇਸ ਮੌਕੇ ਪ੍ਰਬੰਧਕ ਪ੍ਰੋ.ਬਲਵਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਅੱਜ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਬਰਨਾਲਾ ਦੇ ਐੱਸ.ਡੀ ਕਾਲਜ ਵਿੱਚ ਨੈੱਟਬਾਲ ਦੇ ਸੂਬਾ ਪੱਧਰੀ ਮੁਕਾਬਲੇ ਸ਼ੁਰੂ ਹੋਏ ਹਨ। ਮੁੱਖ ਮਹਿਮਾਨ ਡੀਸੀ ਬਰਨਾਲਾ ਮੈਡਮ ਪੂਨਮਦੀਪ ਕੌਰ ਨੇ ਪਹੁੰਚ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਹੈ। ਉਹਨਾਂ ਕਿਹਾ ਕਿ ਇਹਨਾਂ ਮੁਕਾਬਲਿਆਂ ਵਿੱਚ 15 ਜ਼ਿਲ੍ਹਿਆਂ ਤੋਂ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਇਹਨਾਂ ਖੇਡਾਂ ’ਚ ਬਾਹਰੋਂ ਆਈਆਂ ਟੀਮਾਂ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਵਿੱਚ ਪੰਜਾਬ ਵਿੱਚ ਬਹੁਤ ਵਧੀਆ ਖੇਡਾਂ ਦਾ ਮਾਹੌਲ ਬਣਾਇਆ ਗਿਆ ਹੈ। ਇਸ ਨਾਲ ਨਵੇਂ ਖਿਡਾਰੀਆਂ ਨੂੰ ਚੰਗੇ ਮੌਕੇ ਮਿਲ ਰਹੇ ਹਨ। ਲਗਾਤਾਰ ਪੰਜ ਦਿਨ ਲੜਕੇ ਅਤੇ ਲੜਕੀਆਂ ਦੇ ਖੇਡ ਮੁਕਾਬਲੇ ਹੋਣਗੇ।