ਆਪਣੀਆਂ ਮੰਗਾਂ ਸਬੰਧੀ ਜਾਣਕਾਰੀ ਦਿੰਦੇ ਆਗੂ ਬਰਨਾਲਾ: ਨਗਰ ਕੌਸ਼ਲ ਮੁਲਾਜ਼ਮ ਯੂਨੀਅਨਾਂ ਦੀ ਸੂਬਾ ਪੱਧਰੀ ਮੀਟਿੰਗ ਬਰਨਾਲਾ ਦੇ ਨਗਰ ਕੌਂਸ਼ਲ ਦਫ਼ਤਰ ਵਿਖੇ ਹੋਈ। ਮੀਟਿੰਗ ਵਿੱਚ ਸੂਬੇ ਭਰ ਦੀਆਂ 162 ਨਗਰ ਕੌਸ਼ਲਾਂ ਦੇ ਮੁਲਾਜ਼ਮ ਆਗੂਆਂ ਨੇ ਭਾਗ ਲਿਆ। ਮੀਟਿੰਗ ਦੌਰਾਨ ਮੌਜੂਦਾ ਅਤੇ ਸੇਵਾ ਮੁਕਤ ਮੁਲਾਜ਼ਮਾਂ ਦੀਆਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ। ਸਰਕਾਰ ਦਾ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਨਾਂਹ ਪੱਖੀ ਹੁੰਗਾਰੇ ਤੋਂ ਮੁਲਾਜ਼ਮਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਮੁਲਾਜ਼ਮ ਆਗੂਆਂ ਨੇ ਮੰਗਾਂ ਨਾ ਮੰਨੇ ਜਾਣ 'ਤੇ ਪੰਜਾਬ ਸਰਕਾਰ ਵਿਰੁੱਧ ਤਿੱਖੇ ਸੰਘਰਸ਼ ਦੀ ਚੇਤਾਵਨੀ ਦਿੱਤੀ ਹੈ।
ਆਪਣੀਆਂ ਮੰਗਾਂ ਨੂੰ ਲੈ ਕੇ ਕਰ ਰਹੇ ਸੰਘਰਸ਼:ਇਸ ਮੌਕੇ ਗੱਲਬਾਤ ਕਰਦਿਆਂ ਨਗਰ ਕੌਸ਼ਲ ਮੁਲਾਜ਼ਮ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਅੱਜ ਬਰਨਾਲਾ ਵਿਖੇ ਪੰਜਾਬ ਦੇ ਸਮੂਹ ਮੌਜੂਦਾ ਅਤੇ ਸੇਵਾ ਮੁਕਤ ਮੁਲਾਜ਼ਮਾਂ ਦੀ ਮੀਟਿੰਗ ਰੱਖੀ ਗਈ ਹੈ। ਜਿਸ ਵਿੱਚ ਸੂਬੇ ਭਰ ਦੀਆਂ 162 ਨਗਰ ਕੌਸ਼ਲਾਂ ਦੇ ਮੁਲਜ਼ਮ ਆਗੂ ਭਾਗ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਦੋਵੇਂ ਜੱਥੇਬੰਦੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਲੜਿਆ ਜਾ ਰਿਹਾ ਹੈ।
ਸਰਕਾਰ ਨੂੰ ਕਈ ਵਾਰ ਦੱਸ ਚੁੱਕੇ ਮੰਗਾਂ:ਯੂਨੀਅਨ ਆਗੂ ਨੇ ਦੱਸਿਆ ਕਿ ਇਹਨਾਂ ਮੰਗਾਂ ਵਿੱਚ ਸਮੂਹ ਆਊਟਸੋਰਸ ਤੇ ਕੰਟਰੈਕਟ ਮੁਲਾਜ਼ਮਾਂ ਨੂੰ ਰੈਗੂਲਰ ਕਰਨ, 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨੀ, ਨਗਰ ਕੌਸ਼ਲ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖ਼ਾਹ ਦੇਣ, ਪੀਐਫ਼ ਜਮ੍ਹਾ ਕਰਵਾ ਕੇ ਤਰੱਕੀਆਂ ਦੇਣ ਅਤੇ ਸੇਵਾ ਮੁਕਤ ਮੁਲਾਜ਼ਮਾਂ ਦੀਆਂ ਪੈਨਸ਼ਨ ਦੀਆਂ ਸਮੱਸਿਆਵਾਂ ਅਤੇ ਗਰੈਚੂਇਟੀ ਵਿੱਚ ਹੋਇਆ ਵਾਧਾ ਦੇਣਾ ਸ਼ਾਮਲ ਹੈ। ਇਹਨਾਂ ਮੰਗਾਂ ਨੂੰ ਲੈ ਕੇ ਸੇਵਾ ਮੁਕਤ ਮੁਲਾਜ਼ਮ ਅਤੇ ਮੌਜੂਦਾ ਮੁਲਾਜ਼ਮ ਲਗਾਤਾਰ ਸਰਕਾਰ ਅੱਗੇ ਅਪੀਲ ਕਰ ਰਹੇ ਹਨ।
'ਮੰਤਰੀਆਂ ਨੂੰ ਵੀ ਮਿਲੇ ਪਰ ਹਰ ਵਾਰ ਮਿਲਦੇ ਲਾਰੇ':ਇਸ ਦੇ ਨਾਲ ਹੀ ਨਗਰ ਕੌਂਸਲ ਮੁਲਾਜ਼ਮ ਯੂਨੀਅਨ ਦੇ ਆਗੂ ਦਾ ਕਹਿਣਾ ਕਿ ਆਪਣੀਆਂ ਮੰਗਾਂ ਨੂੰ ਲੈਕੇ ਉਹ ਸਾਬਕਾ ਸਥਾਨਕ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੂੰ ਮਿਲੇ ਸੀ ਅਤੇ ਹੁਣ ਵੀ ਮੌਜੂਦਾ ਸਥਾਨਿਕ ਸਰਕਾਰਾਂ ਮੰਤਰੀ ਨੂੰ ਮਿਲ ਚੁੱਕੇ ਹਨ ਪਰ ਉਹਨਾਂ ਦੀਆਂ ਮੰਗਾਂ ਵੱਲ ਅਜੇ ਤੱਕ ਸਰਕਾਰ ਵਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ। ਦੋਵੇਂ ਜੱਥੇਬੰਦੀਆਂ ਵਲੋਂ ਲਗਾਤਾਰ ਸਰਕਾਰ ਨੂੰ ਮੰਗ ਪੱਤਰ ਦਿੱਤੇ ਗਏ ਹਨ ਪਰ ਸਰਕਾਰ ਸਾਡੀਆ ਮੰਗਾਂ ਦਾ ਹੱਲ ਨਹੀਂ ਕਰ ਰਹੀ। ਜਿਸ ਕਰਕੇ ਨਗਰ ਕੌਸ਼ਲਾਂ ਦੀਆਂ ਦੋਵੇਂ ਜੱਥੇਬੰਦੀਆਂ ਦੀ ਸੂਬਾ ਪੱਧਰੀ ਮੀਟਿੰਗ ਬਰਨਾਲਾ ਵਿਖੇ ਕੀਤੀ ਗਈ ਹੈ। ਜਿਸ ਵਿੱਚ ਇਹਨਾਂ ਮੰਗਾਂ ਅਤੇ ਸੰਘਰਸ਼ ਨੂੰ ਲੈ ਕੇ ਚਰਚਾ ਕੀਤੀ ਜਾ ਰਹੀ ਹੈ। ਸਰਕਾਰ ਦੇ ਨਾਂਹ ਪੱਖੀ ਹੁੰਗਾਰੇ ਕਾਰਨ ਮੁਲਾਜ਼ਮਾਂ ਵਿੱਚ ਰੋਸ ਹੈ ਤੇ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਜਲਦ ਧਿਆਨ ਨਾ ਦਿੱਤਾ ਤਾਂ ਉਹ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਤੇਜ਼ ਅਤੇ ਤਿੱਖਾ ਕਰਨਗੇ।