ਬਰਨਾਲਾ: ਸੂਬੇ 'ਚ ਇੱਕ ਪਾਸੇ ਕੋਰੋਨਾ ਮਹਾਂਮਾਰੀ ਦੀ ਦੂਜੀ ਛੱਲ ਵਜਣ ਦੀ ਗੱਲ ਆਖੀ ਜਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਜ਼ਿਲ੍ਹਾਂ ਬਰਨਾਲਾ ਦਾ ਪ੍ਰਸ਼ਾਸਨ ਪੈਦਾ ਹੋਣ ਵਾਲੀ ਦੂਜੀ ਖਤਰਨਾਕ ਬਿਮਾਰੀ ਤੋਂ ਅਣਜਾਨ ਹੈ ਜਾਂ ਫਿਰ ਇਹ ਜਾਣ ਬੁਝ ਕੇ ਮਸਤਮੌਲਾ ਬਣਿਆ ਹੋਇਆ ਹੈ।
ਡੇਂਗੂ ਅਤੇ ਮਲੇਰੀਆ ਦੀ ਬਿਮਾਰੀ ਦਾ ਖ਼ਤਰਾ
ਬਰਨਾਲਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਖੜ੍ਹੇ ਗੰਦੇ ਪਾਣੀ ਦੀ ਸਮੱਸਿਆਂ ਬਾਰੇ ਸ਼ਹਿਰ ਵਾਸੀ ਆਪਣੇ ਨਗਰ ਕੌਂਸਲ ਨੂੰ ਕਈ ਵਾਰ ਆਖ ਚੁੱਕੇ ਹਨ, ਪਰ ਕੌਂਸਲ ਹਰ ਬਾਰ ਇਸ ਨੂੰ ਟਾਲ ਦਿੰਦਾ ਹੈ। ਇਨ੍ਹਾਂ ਦਿਨਾਂ ਵਿੱਚ ਮੱਛਰਾਂ ਦੀ ਭਰਮਾਰ ਹੋਣ ਕਾਰਨ ਡੇਂਗੂ ਅਤੇ ਮਲੇਰੀਆ ਦੀ ਬਿਮਾਰੀ ਦਾ ਖ਼ਤਰਾ ਬਣਿਆ ਰਹਿੰਦਾ ਹੈ। 'ਈਟੀਵੀ ਭਾਰਤ' ਵੱਲੋਂ ਇਸ ਸਬੰਧੀ ਜ਼ਮੀਨੀ ਪੱਧਰ 'ਤੇ ਜਾ ਕੇ ਜਾਂਚ ਕੀਤੀ ਗਈ ਤਾਂ ਆਮ ਲੋਕਾਂ ਦੇ ਹਾਲਾਤ ਅਤੇ ਸਿਹਤ ਵਿਭਾਗ ਦੇ ਅੰਕੜੇ ਵੱਖੋ ਵੱਖਰੇ ਹਨ।
ਸਰਕਾਰੀ ਅੰਕੜੇ
ਸਿਹਤ ਅਧਿਕਾਰੀ ਇਸ ਵਾਰ ਪੂਰੇ ਜ਼ਿਲ੍ਹੇ ਵਿੱਚ ਇੱਕ ਵੀ ਡੇਂਗੂ ਦਾ ਮਰੀਜ਼ ਨਾ ਹੋਣ ਦਾ ਦਾਅਵਾ ਕਰ ਰਹੇ ਹਨ, ਪਰ ਦੂਜੇ ਪਾਸੇ ਬਰਨਾਲਾ ਸ਼ਹਿਰ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਗੰਦੇ ਪਾਣੀ ਦੇ ਖੜ੍ਹੇ ਹੋਣ ਕਾਰਨ ਲੋਕ ਬਿਮਾਰੀਆਂ ਫੈਲਣ ਦਾ ਸੰਕੇਤ ਦੇ ਰਹੇ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਸਾਲ ਬਰਨਾਲਾ ਜ਼ਿਲ੍ਹੇ ਵਿੱਚ ਡੇਂਗੂ ਅਤੇ ਮਲੇਰੀਆ ਦੇ ਕਾਫੀ ਕੇਸ ਦੇਖਣ ਨੂੰ ਸਾਹਮਣੇ ਆਏ ਸਨ ਪਰ ਇਸ ਵਾਰ ਸਰਕਾਰੀ ਅੰਕੜਿਆਂ ਅਨੁਸਾਰ ਇੱਕ ਵੀ ਡੇਂਗੂ ਦਾ ਮਰੀਜ਼ ਸਾਹਮਣੇ ਨਹੀਂ ਆਇਆ।