ਬਰਨਾਲਾ: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਕਿਸਾਨ ਜੱਥੇਬੰਦੀਆਂ ਦੇ ਸੰਯੁਕਤ ਸਮਾਜ ਮੋਰਚੇ ਵਲੋਂ ਬਰਨਾਲਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਭਦੌੜ ਵਿੱਚ ਉਮੀਦਵਾਰ ਬਦਲ ਦਿੱਤਾ ਗਿਆ ਹੈ। ਮੋਰਚੇ ਵਲੋਂ ਨਵਾਂ ਉਮੀਦਵਾਰ ਗੋਰਾ ਸਿੰਘ ਨੂੰ ਬਣਾਇਆ ਗਿਆ ਹੈ।
ਨਵੇਂ ਉਮੀਦਵਾਰ ਦੀ ਜਾਰੀ ਹੋਈ ਸੂਚੀ ਤਹਿਤ ਗੋਰਾ ਸਿੰਘ ਨੂੰ ਭਦੌੜ ਹਲਕੇ ਦੀ ਟਿਕਟ ਕਿਸਾਨਾਂ ਦੇ ਇਸ ਮੋਰਚੇ ਵਲੋਂ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸੰਯੁਕਤ ਸਮਾਜ ਮੋਰਚੇ ਵਲੋਂ ਭਦੌੜ ਹਲਕੇ ਤੋਂ ਮਜ਼ਦੂਰ ਜੱਥੇਬੰਦੀ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੂੰ ਟਿਕਟ ਦਿੱਤੀ ਗਈ ਸੀ, ਪਰ ਭਗਵੰਤ ਸਮਾਓ ਨੇ ਐਤਵਾਰ ਨੂੰ ਸੰਯੁਕਤ ਸਮਾਜ ਮੋਰਚੇ ਦੀ ਟਿਕਟ ਤੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ।
ਉਨ੍ਹਾਂ ਦੋਸ਼ ਲਗਾਏ ਸੀ ਕਿ ਮੋਰਚੇ ਵਲੋਂ ਟਿਕਟਾਂ ਦੀ ਗਲਤ ਵੰਡ ਹੋ ਰਹੀ ਹੈ ਅਤੇ ਮਜ਼ਦੂਰ ਜੱਥੇਬੰਦੀਆਂ ਨੂੰ ਬਣਦਾ ਸਨਮਾਨ ਮੋਰਚੇ ਵਲੋਂ ਨਹੀਂ ਦਿੱਤਾ ਗਿਆ। ਉਹ ਹੁਣ ਸੀਪੀਆਈ ਲਿਬਰੇਸ਼ਨ ਵਲੋਂ ਚੋਣ ਮੈਦਾਨ ਵਿਚ ਉਤਰੇ ਹਨ। ਇਸ ਫੈਸਲੇ ਤੋਂ ਬਾਅਦ ਸੰਯੁਕਤ ਸਮਾਜ ਮੋਰਚੇ ਨੂੰ ਨਵੇਂ ਉਮੀਦਵਾਰ ਦੇ ਤੌਰ 'ਤੇ ਕਿਸਾਨ ਆਗੂ ਗੋਰਾ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਨਾ ਪਿਆ ਹੈ।