ਬਰਨਾਲਾ: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਰਾਂਚੀ ਵਿਖੇ 20 ਕਿਲੋਮੀਟਰ ਪੈਦਲ ਤੋਰ ਵਿੱਚ ਨਵੇਂ ਨੈਸ਼ਨਲ ਰਿਕਾਰਡ ਨਾਲ ਓਲੰਪਿਕ ਤੇ ਏਸ਼ਿਆਈ ਖੇਡਾਂ ਅਤੇ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਹੋਏ ਐਥਲੀਟ ਅਕਸ਼ਦੀਪ ਸਿੰਘ ਨੂੰ ਅੱਜ ਪਿੰਡ ਕਾਹਨੇਕੇ ਪੁੱਜ ਕੇ ਮੁਬਾਰਕਬਾਦ ਦਿੱਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ।
ਖੇਡ ਮੰਤਰੀ ਮੀਤ ਹੇਅਰ ਨੇ ਵਧਾਈ ਦਿੱਤੀ:-ਇਸ ਤੋਂ ਪਹਿਲਾਂ ਖੇਡ ਮੰਤਰੀ ਮੀਤ ਹੇਅਰ ਨੇ ਚੰਡੀਗੜ੍ਹ ਵਿਖੇ ਅਕਸ਼ਦੀਪ ਸਿੰਘ ਨੂੰ ਪੈਰਿਸ ਓਲੰਪਿਕਸ ਦੀ ਤਿਆਰੀ ਲਈ 5 ਲੱਖ ਰੁਪਏ ਦਾ ਚੈੱਕ ਸੌਂਪਿਆ ਅਤੇ ਕਿਹਾ ਕਿ ਅੱਗੇ ਵੀ ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਮਦਦ ਦਿੱਤੀ ਜਾਵੇਗੀ। ਅੱਜ ਪਿੰਡ ਕਾਹਨੇਕੇ ਪੁੱਜੇ ਖੇਡ ਮੰਤਰੀ ਮੀਤ ਹੇਅਰ ਨੇ ਅਕਸ਼ਦੀਪ ਸਿੰਘ ਦੇ ਪਿਤਾ ਗੁਰਜੰਟ ਸਿੰਘ ਤੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਇਹੋ ਕਹਿਣਾ ਹੈ ਕਿ ਖਿਡਾਰੀ ਨੂੰ ਤਮਗ਼ਾ ਜਿੱਤਣ ਤੋਂ ਬਾਅਦ ਸਨਮਾਨਿਤ ਕਰਨ ਦੇ ਨਾਲ ਉਸ ਨੂੰ ਖੇਡਾਂ ਦੀ ਤਿਆਰੀ ਲਈ ਨਗਦ ਇਨਾਮ ਦੇਣਾ ਹੋਰ ਵੀ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਅਕਸ਼ਦੀਪ ਨੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ, ਕਿਉਂਕਿ ਪੈਰਿਸ ਓਲੰਪਿਕਸ ਲਈ ਕੁਆਲੀਫਾਈ ਹੋਣ ਵਾਲਾ ਉਹ ਦੇਸ਼ ਦਾ ਪਹਿਲਾ ਅਥਲੀਟ ਹੈ।