ਬਰਨਾਲਾ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਦਾ ਸਿਆਸੀ ਅਖਾੜਾ ਭਖਿਆ ਹੋਇਆ ਹੈ। ਇਸੇ ਦਰਮਿਆਨ ਬਰਨਾਲਾ ਜ਼ਿਲ੍ਹੇ ਦੇ ਹਲਕਾ ਭਦੌੜ ਤੋਂ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਕਾਂਗਰਸ ਪਾਰਟੀ ਵੱਲੋਂ ਚੋਣ ਲੜੀ ਜਾ ਰਹੀ ਹੈ। ਚੰਨੀ ਦੇ ਭਦੌੜ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਕਾਰਨ ਹਲਕੇ ਦਾ ਚੋਣ ਰੁਝਾਨ ਕਾਫੀ ਦਿਲਚਸਪ ਬਣ ਗਏ ਹਨ। ਪੰਜਾਬ ਨਾਲ ਜੁੜੇ ਹਰ ਇੱਕ ਦੀ ਨਜ਼ਰ ਭਦੌੜ ਹਲਕੇ ’ਤੇ ਟਿਕ ਗਈਆਂ ਹਨ।
ਓਧਰ ਦੂਜੇ ਪਾਸੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਵਿਰੁੱਧ ਆਮ ਆਦਮੀ ਪਾਰਟੀ ਤੋਂ ਲਾਭ ਸਿੰਘ ਉਗੋਕੇ ਚੋਣ ਲੜ ਰਹੇ ਹਨ। "ਈਟੀਵੀ ਭਾਰਤ" ਨਾਲ ਗੱਲਬਾਤ ਕਰਦਿਆਂ ਲਾਲ ਸਿੰਘ ਉਗੋਕੇ ਨੇ ਬੁਲੰਦ ਹੌਸਲਿਆਂ ਨਾਲ ਆਪਣੀ ਜਿੱਤ ਦਾ ਦਾਅਵਾ ਕੀਤਾ।
'ਚੰਨੀ ਖਿਲਾਫ਼ ਲੜਨ ਦੇ ਚੱਲਦੇ ਵਰਕਰਾਂ ’ਚ ਜੋਸ਼'
ਇਸ ਮੌਕੇ ਉਗੋਕੇ ਨੇ ਕਿਹਾ ਕਿ ਭਾਵੇਂ ਚਰਨਜੀਤ ਸਿੰਘ ਚੰਨੀ ਉਨ੍ਹਾਂ ਦੇ ਖ਼ਿਲਾਫ਼ ਚੋਣ ਲੜ ਰਹੇ ਹਨ, ਪਰੰਤੂ ਉਹ ਬਿਨਾਂ ਡਰ ਭੈਅ ਦੇ ਆਪਣੀ ਚੋਣ ਮੁਹਿੰਮ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਅਸਲ ਵਿਚ ਚੋਣ ਲੜਨ ਦਾ ਸੁਆਦ ਹੀ ਹੁਣ ਆਵੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਆਮ ਆਦਮੀ ਪਾਰਟੀ ਨਾਲ ਜੁੜੇ ਹਲਕਾ ਭਦੌੜ ਦੇ ਵਰਕਰਾਂ ਵਿੱਚ ਹੋਰ ਜੋਸ਼ ਭਰ ਗਿਆ ਹੈ ਅਤੇ ਹੋਰ ਉਤਸ਼ਾਹ ਨਾਲ ਚੋਣ ਲੜੀ ਜਾ ਰਹੀ ਹੈ।
'ਚੰਨੀ ਆਮ ਆਦਮੀ ਨਹੀਂ'
ਲਾਭ ਸਿੰਘ ਉਗੋਕੇ ਨੇ ਕਿਹਾ ਕਿ ਚਰਨਜੀਤ ਚੰਨੀ ਇੱਕ ਆਮ ਆਦਮੀ ਨਹੀਂ ਹਨ, ਕਿਉਂਕਿ ਉਨ੍ਹਾਂ ਦੇ ਘਰ ਤੋਂ ਦਸ ਕਰੋੜ ਰੁਪਏ ਦੀ ਵੱਡੀ ਰਾਸ਼ੀ ਈਡੀ ਵੱਲੋਂ ਫੜੀ ਗਈ ਹੈ। ਉਨ੍ਹਾਂ ਕਿਹਾ ਕਿ ਚੰਨੀ ਵੱਲੋਂ ਚੋਣ ਕਮਿਸ਼ਨ ਕੋਲ ਦਿਖਾਈ ਗਈ ਪੰਦਰਾਂ ਕਰੋੜ ਦੀ ਪ੍ਰਾਪਰਟੀ ਹੈ। ਉਗੋਕੇ ਨੇ ਕਿਹਾ ਕਿ ਇਸ ਸਭ ਦੇ ਬਾਵਜੂਦ ਉਨ੍ਹਾਂ ਨੂੰ ਆਮ ਆਦਮੀ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਚੰਨੀ ’ਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਜੇਕਰ ਅਜਿਹਾ ਵਿਅਕਤੀ ਆਮ ਆਦਮੀ ਹੁੰਦਾ ਹੈ ਤਾਂ ਪੰਜਾਬ ਦਾ ਹਰੇਕ ਨਾਗਰਿਕ ਆਦਮੀ ਹੋਣਾ ਚਾਹੀਦਾ ਹੈ।