ਬਰਨਾਲਾ: ਸੂਬੇ ਭਰ ’ਚ ਜਿੱਥੇ ਕੋਰੋਨਾ ਦੇ ਮਾਮਲੇ ਮੁੜ ਤੋਂ ਵਧ ਰਹੇ ਹਨ ਉੱਥੇ ਹੀ ਦੂਜੇ ਪਾਸੇ ਪ੍ਰਸ਼ਾਸਨ ਦੇ ਦਿਸ਼ਾ ਨਿਰਦੇਸ਼ਾ ਤਹਿਤ ਵੱਖ ਵੱਖ ਥਾਵਾਂ ਤੇ ਕੋਰੋਨਾ ਵਿਰੁੱਧ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਦੇ ਤਹਿਤ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਜਿੰਦਰ ਸਿੰਗਲਾ ਅਤੇ ਐਸਐਮਓ ਡਾ. ਹਰਿੰਦਰ ਸਿੰਘ ਸੂਦ ਦੀ ਅਗਵਾਈ ਹੇਠ ਸੀਐਚਸੀ ਮਹਿਲ ਕਲਾਂ ਵਿਚ ਵਿਸ਼ੇਸ਼ ਟੀਕਾਕਰਨ ਕੈਂਪ ਲਾਇਆ ਗਿਆ। ਦੱਸ ਦਈਏ ਕਿ ਇਸ ਕੈਂਪ ਵਿੱਚ ਵੱਡੀ ਗਿਣਤੀ ਵਿਚ ਬਜ਼ੁਰਗਾਂ ਅਤੇ 45 ਸਾਲ ਤੋਂ ਉਪਰ ਦੇ ਸਹਿ ਰੋਗਾਂ ਤੋਂ ਪੀੜਤ ਵਿਅਕਤੀਆਂ ਵੱਲੋਂ ਕੋਰੋਨਾ ਵਾਇਰਸ ਵਿਰੁੱਧ ਟੀਕਾ ਲਗਵਾਇਆ ਗਿਆ। ਇਸ ਮੌਕੇ ‘ਬਰਨਾਲਾ ਦੀ ਸ਼ਾਨ’ ਮੁਹਿੰਮ ਤਹਿਤ ਜਾਗਰੂਕਤਾ ਸੈਲਫੀ ਪੁਆਇੰਟ ਵੀ ਸਥਾਪਿਤ ਕੀਤਾ ਗਿਆ।
ਲੋਕ ਅਫਵਾਹਾਂ ਤੋਂ ਬਚਣ
ਇਸ ਮੌਕੇ ਡਾ. ਸੂਦ ਨੇ ਦੱਸਿਆ ਕਿ ਜੇਕਰ ਕੋਈ ਬਜ਼ੁਰਗ ਜਾਂ 45 ਸਾਲ ਤੋਂ ਉਪਰ ਦਾ ਹੋਰ ਬੀਮਾਰੀਆਂ ਤੋਂ ਪੀੜਤ ਵਿਅਕਤੀ ਵੈਕਸੀਨ ਤੋਂ ਵਾਂਝਾ ਰਹਿ ਗਿਆ ਹੋਵੇ ਤਾਂ ਉਹ ਸੀਐੱਚਸੀ ਮਹਿਲ ਕਲਾਂ ਵਿਖੇ ਮੌਕੇ ’ਤੇ ਰਜਿਸਟ੍ਰੇਸ਼ਨ ਕਰਵਾ ਕੇ ਟੀਕਾ ਲਗਵਾ ਸਕਦਾ ਹੈ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਉਨ੍ਹਾਂ ਨੇ ਕਿਹਾ ਕਿ ਇਹ ਵੈਕਸੀਨ ਬਿਲਕੁੱਲ ਸੁਰੱਖਿਅਤ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਲਗਾਤਾਰ ਸਾਹਮਣੇ ਆ ਰਹੀਆਂ ਅਫਵਾਹਾਂ ਤੋਂ ਲੋਕਾਂ ਨੂੰ ਬਚਣਾ ਚਾਹੀਦਾ ਹੈ।