ਬਰਨਾਲਾ: ਡੀਏਪੀ (DAP) ਦੀ ਕਿੱਲਤ ਦੇ ਚੱਲਦੇ ਕਿਸਾਨਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਨਾਲਾ ਜ਼ਿਲ੍ਹੇ ਵਿੱਚ ਡੀਏਪੀ ਦਾ ਰੈਕ ਨਾ ਲੱਗਣ ਦੀ ਵਜ੍ਹਾ ਨਾਲ ਜ਼ਿਲੇ ਦੇ ਪਿੰਡਾਂ ਵਿੱਚ ਬਣੀਆਂ ਕੋਆਪਰੇਟਿਵ ਸੋਸਾਇਟੀ ਨੂੰ ਡੀਏਪੀ ਲੈਣ ਲਈ ਸੰਗਰੂਰ ਜਾਂ ਬਠਿੰਡਾ ਦੇ ਰਾਮਪੁਰੇ ਸਟੇਸ਼ਨ ਉੱਤੇ ਜਾਣਾ ਪੈਂਦਾ ਹੈ ਜਿਸਦੇ ਚੱਲਦੇ ਉਨ੍ਹਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਥੇ ਹੀ ਕਿਸਾਨਾਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅਤੇ ਜ਼ਿਲ੍ਹਾ ਬਰਨਾਲਾ ਦੇ ਤਕਰੀਬਨ 82 ਕੋਆਪਰੇਟਿਵ ਸੁਸਾਇਟੀਆਂ ਦੇ ਸੈਕਟਰੀਆਂ ਦੀ ਯੂਨੀਅਨ ਵੱਲੋਂ ਡੀਸੀ (DC) ਬਰਨਾਲਾ ਨੂੰ ਮੰਗ ਪੱਤਰ (Demand letter) ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਡੀਏਪੀ ਦੀ ਕਿੱਲਤ ਨੂੰ ਖਤਮ ਕੀਤਾ ਜਾਵੇ।
ਬਰਨਾਲਾ ਸਟੇਸ਼ਨ ਉੱਤੇ ਬਣੇ ਪਲੇਟਫਾਰਮ ਉੱਤੇ ਡੀਏਪੀ ਦਾ ਰੈਕ ਲਗਾਇਆ ਜਾਵੇ ਤਾਂਕਿ ਕਿਸਾਨਾਂ ਨੂੰ ਜਲਦ ਡੀਏਪੀ ਖਾਦ ਮਿਲ ਸਕੇ। ਉਨ੍ਹਾਂ ਕਿਹਾ ਕਿ ਜੇਕਰ ਜਲਦੀ ਇਸਦਾ ਪ੍ਰਬੰਧ ਪ੍ਰਸ਼ਾਸਨ ਵੱਲੋਂ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਡੀਸੀ ਦਫਤਰ ਦਾ ਘਿਰਾਉ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸਦੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਨੇ ਚਿਤਾਵਨੀ ਦਿੱਤੀ। ਇਸ ਮੌਕੇ ਕਿਸਾਨ ਆਗੂਆਂ ਅਤੇ ਸੁਸਾਇਟੀ ਆਗੂਆਂ ਨੇ ਕਿਹਾ ਕਿ ਸਰਕਾਰੀ ਸੁਸਾਇਟੀਆਂ ਵਿਚ ਡੀਏਪੀ ਦੀ ਘਾਟ ਕਾਰਨ ਬਾਹਰ ਪ੍ਰਾਈਵੇਟ ਤੌਰ ‘ਤੇ ਦੁਕਾਨਦਾਰ ਕਿਸਾਨਾਂ ਦੀ ਲੁੱਟ ਕਰ ਰਹੇ ਹਨ। ਸ਼ਰੇਆਮ ਕਾਲਾਬਜ਼ਾਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ।