ਬਰਨਾਲਾ: ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ 1 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਕੀਤੀ ਗਈ ਹੈ, ਪਰ ਭਦੌੜ ਦੀ ਦਾਣਾ ਮੰਡੀ ਵਿਚ ਕਣਕ ਪਛੇਤੀ ਆਈ ਹੈ ਪਰ ਮਾਰਕੀਟ ਕਮੇਟੀ ਵੱਲੋਂ ਉਸ ਦੀ ਖਰੀਦ ਲਈ ਅਜੇ ਤੱਕ ਵੀ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ ਹਨ। ਜਿਸ ਨੂੰ ਲੈ ਕੇ ਪਿਛਲੇ 4-5 ਦਿਨ੍ਹਾਂ ਤੋਂ ਦਾਣਾ ਮੰਡੀ ਵਿੱਚ ਕਣਕ ਸੁੱਟੀ ਬੈਠੇ ਕਿਸਾਨਾਂ ਨੇ ਮਾਰਕੀਟ ਕਮੇਟੀ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਜਾਣਕਾਰੀ ਦਿੰਦਿਆਂ ਕਰਮਜੀਤ ਸਿੰਘ ਮਾਨ ਨੇ ਦੱਸਿਆ ਕਿ ਅਸੀਂ ਤਕਰੀਬਨ ਪਿਛਲੇ 4-5 ਦਿਨ੍ਹਾਂ ਤੋਂ ਕਣਕ ਮੰਡੀ ਵਿਚ ਛੁੱਟੀ ਬੈਠੇ ਹਾਂ ਪਰ ਇੱਥੇ ਕਣਕ ਖਰੀਦਣੀ ਤਾਂ ਦੂਰ ਮੰਡੀ ਵਿੱਚ ਕੋਈ ਪ੍ਰਬੰਧ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇੱਥੇ ਨਾ ਤਾਂ ਪਾਣੀ ਦਾ ਪ੍ਰਬੰਧ ਹੈ ਅਤੇ ਨਾ ਹੀ ਲੈਟਰੀਨ ਅਤੇ ਬਾਥਰੂਮ ਦਾ ਪ੍ਰਬੰਧ ਹੈ ਅਤੇ ਸ਼ਾਮ ਵੇਲੇ ਜੋ ਮਾਰਕੀਟ ਕਮੇਟੀ ਵੱਲੋਂ ਲਾਈਟਾਂ ਲਗਾਈਆਂ ਗਈਆਂ ਹਨ, ਉਹ ਵੀ ਨਹੀਂ ਚੱਲਦੀਆਂ। ਜਿਸ ਕਾਰਨ ਮੰਡੀ ਵਿੱਚ ਸ਼ਾਮ ਵੇਲੇ ਹੀ ਹਨੇਰਾ ਛਾ ਜਾਂਦਾ ਹੈ।
ਉਨ੍ਹਾਂ ਮਾਰਕੀਟ ਕਮੇਟੀ ਭਦੌੜ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇੱਕ ਦੋ ਦਿਨਾਂ ਵਿੱਚ ਉਨ੍ਹਾਂ ਦੀ ਕਣਕ ਦੀ ਬੋਲੀ ਨਹੀਂ ਲਗਾਈ ਗਈ ਤਾਂ ਉਹ ਵੱਡਾ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਗੇ। ਇਥੇ ਹੀ ਮੌਜੂਦ ਇਕ ਹੋਰ ਕਿਸਾਨ ਰਣਜੀਤ ਸਿੰਘ ਉਗੋਕੇ ਨੇ ਕਿਹਾ ਕਿ ਉਸ ਨੇ ਵੀ ਤਕਰੀਬਨ 6 ਅਪ੍ਰੈਲ ਨੂੰ ਭਦੌੜ ਦੀ ਮੰਡੀ ਵਿੱਚ ਕਣਕ ਲਿਆਂਦੀ ਸੀ।
ਪਰ ਉਸ ਨੂੰ ਅਜੇ ਤੱਕ ਕੋਈ ਸਰਕਾਰੀ ਅਧਿਕਾਰੀ ਕਣਕ ਖਰੀਦਣ ਲਈ ਆ ਕੇ ਵੀ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਤੁਰੰਤ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨੀ ਚਾਹੀਦੀ ਹੈ ਅਤੇ ਹੋਰ ਫ਼ਸਲਾਂ ਤੇ ਵੀ ਐੱਮਐੱਸਪੀ ਲਾਗੂ ਕਰਨਾ ਚਾਹੀਦਾ ਹੈ, ਤਾਂ ਜੋ ਸਾਨੂੰ ਕਿਸਾਨਾਂ ਨੂੰ ਫਸਲਾਂ ਵੇਚਣ ਵਿੱਚ ਦਿੱਕਤ ਨਾ ਆਵੇ। ਕਿਸਾਨ ਵਧੀਆ ਆਮਦਨ ਕਰਕੇ ਖੁਸ਼ਹਾਲ ਹੋਵੇ ਖਰੀਦ ਪ੍ਰਬੰਧਾਂ ਬਾਰੇ ਉਨ੍ਹਾਂ ਕਿਹਾ ਕਿ ਦਾਣਾ ਮੰਡੀ ਭਦੌੜ ਵਿੱਚ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਹੈ।