ਬਰਨਾਲਾ: ਜਿਥੇ ਇੱਕ ਪਾਸੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਬਾਰਡਰਾਂ 'ਤੇ ਲਗਾਤਾਰ ਕਿਸਾਨ ਅੰਦੋਲਨ ਜਾਰੀ ਹੈ। ਉਥੇ ਹੀ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਸੁਣਵਾਈ ਨਾ ਹੋਣ ਕਾਰਨ ਕਿਸਾਨਾਂ ਵੱਲੋਂ ਖ਼ੁਦਕੁਸ਼ੀ ਦੇ ਮਾਮਲਿਆਂ 'ਚ ਵਾਧਾ ਹੋ ਰਿਹਾ ਹੈ।
ਪੀੜਤ ਪਰਿਵਾਰ ਦੀ ਮਾਲੀ ਮਦਦ ਕਰਨ ਲਈ ਅੱਗੇ ਆਈ ਸਿੱਖ ਸੰਸਥਾ - ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ
ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਬਾਰਡਰਾਂ 'ਤੇ ਲਗਾਤਾਰ ਕਿਸਾਨ ਅੰਦੋਲਨ ਜਾਰੀ ਹੈ। ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੀ ਸੁਣਵਾਈ ਨਾ ਹੋਣ ਤੋਂ ਦੁਖੀ ਹੋ ਕੇ ਬਰਨਾਲਾ ਵਿਖੇ ਇੱਕ ਮਜ਼ਦੂਰ ਨੇ ਖ਼ੁਦਕੁਸ਼ੀ ਕਰ ਲਈ ਸੀ। ਖ਼ੁਦਕੁਸ਼ੀ ਕਰਨ ਵਾਲੇ ਮਜ਼ਦੂਰ ਮੱਖਣ ਸਿੰਘ ਦੇ ਪਰਿਵਾਰ ਦੀ ਆਰਥਿਕ ਮਦਦ ਕਰਨ ਲਈ ਇੱਕ ਸਿੱਖ ਸੰਸਥਾ ਅੱਗੇ ਆਈ ਹੈ।
ਬੀਤੇ ਦਿਨੀਂ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੀ ਸੁਣਵਾਈ ਨਾ ਹੋਣ ਤੋਂ ਦੁਖੀ ਹੋ ਕੇ ਬਰਨਾਲਾ ਦੇ ਇੱਕ ਮਜ਼ਦੂਰ ਨੇ ਖ਼ੁਦਕੁਸ਼ੀ ਕਰ ਲਈ ਸੀ। ਮ੍ਰਿਤਕ ਮਜ਼ਦੂਰ ਮੱਖਣ ਸਿੰਘ ਬਰਨਾਲਾ ਦੇ ਪਿੰਡ ਪੱਖੋਕੇ ਦਾ ਵਸਨੀਕ ਸੀ। ਮੱਖਣ ਸਿੰਘ ਨੇ 15 ਫਰਵਰੀ ਦੀ ਰਾਤ ਨੂੰ ਖ਼ੁਦਕੁਸ਼ੀ ਕਰ ਲਈ ਸੀ। ਮੱਖਣ ਸਿੰਘ ਦੀ ਮੌਤ ਮਗਰੋਂ ਉਸ ਦੇ ਪਰਿਵਾਰ 'ਚ ਕਮਾਉਣ ਵਾਲਾ ਕੋਈ ਨਹੀਂ ਰਿਹਾ। ਜਿਸ ਕਾਰਨ ਪੀੜਤ ਪਰਿਵਾਰ ਦੀ ਆਰਥਿਕ ਹਾਲਤ ਵਿਗੜ ਗਈ ਹੈ। ਇਸ ਵਿਚਾਲੇ ਇੱਕ ਸਿੱਖ ਸੰਸਥਾ ਮ੍ਰਿਤਕ ਮਜ਼ਦੂਰ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਈ ਹੈ। ਇਸ ਸੰਸਥਾ ਵੱਲੋਂ ਮ੍ਰਿਤਕ ਦੇ ਬੱਚਿਆਂ ਨੂੰ ਉੱਚ ਸਿੱਖਿਆ ਦਵਾਉਣ ਦਾ ਭਰੋਸਾ ਦਿੱਤਾ ਗਿਆ ਤੇ ਪਰਿਵਾਰ ਨੂੰ ਆਰਥਿਕ ਮਦਦ ਵੀ ਦਿੱਤੀ ਗਈ।
ਸਿੱਖ ਸੰਸਥਾ ਦਰਬਾਰ-ਏ-ਖਾਲਸਾ ਦੇ ਮੁਖੀ ਭਾਈ ਹਰਜਿੰਦਰ ਸਿੰਘ ਮਾਝੀ ਤੇ ਭਾਈ ਹਰਜੀਤ ਸਿੰਘ ਢਿਪਾਲੀ ਵੱਲੋਂ ਪਰਿਵਾਰ ਨੂੰ 10 ਹਜ਼ਾਰ ਆਰਥਿਕ ਮਦਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਧੀ ਪਵਨਦੀਪ ਕੌਰ ਨਾਨ ਮੈਡੀਕਲ ਨਾਲ ਗਿਆਰਵੀਂ ਜਮਾਤ 'ਚ ਬਰਨਾਲਾ ਦੇ ਸਰਕਾਰੀ ਸਕੂਲ ’ਚ ਪੜ ਰਹੀ ਹੈ। ਜਦੋਂ ਕਿ ਲੜਕਾ ਮੋਹਣਪ੍ਰੀਤ ਸਿੰਘ ਪਿੰਡ ਦੇ ਸਰਕਾਰੀ ਸਕੂਲ ’ਚ ਨੌਵੀਂ ਜਮਾਤ ਦਾ ਵਿਦਿਆਰਥੀ ਹੈ। ਇਨ੍ਹਾਂ ਦੇ ਚੰਗੇ ਭਵਿੱਖ ਨੂੰ ਧਿਆਨ 'ਚ ਰੱਖਦਿਆਂ ਅਕਾਲ ਕਾਲਜ ਕੌਂਸ਼ਲ ਦੇ ਪ੍ਰਬੰਧ ਅਧੀਨ ਮਸਤੂਆਣਾ ਸਾਹਿਬ ਵਿਖੇ ਇਹ ਦੋਵੇਂ ਬੱਚੇ ਜੋ ਵੀ ਪੜਾਈ ਕਰਨਾ ਚਾਹੁਣ ਤਾਂ ਪੜਾਈ ਮੁਫ਼ਤ ਕਰਵਾਈ ਜਾਵੇਗੀ।