ਬਰਨਾਲਾ:ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਲਗਾਤਾਰ ਆਪਣੀ ਲੜਾਈ ਲੜ ਰਹੇ ਹਨ। ਉੱਥੇ ਪੰਜਾਬ ਵਿੱਚ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਦਰਮਿਆਨ ਕਿਸਾਨਾਂ ਅਤੇ ਸਿਆਸੀ ਲੋਕਾਂ ਵਿੱਚ ਟੱਕਰ ਹੋ ਰਹੀ ਹੈ। ਜਿਸ ਦੀ ਝਲਕ ਮੋਗਾ ਜ਼ਿਲ੍ਹੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਵਿੱਚ ਦੇਖਣ ਨੂੰ ਮਿਲੀ। ਉੱਥੇ ਹੁਣ ਬਰਨਾਲਾ ਜ਼ਿਲ੍ਹੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦਾ ਕਿਸਾਨ ਜਥੇਬੰਦੀ ਨਾਲ ਪੇਚਾ ਪੈ ਗਿਆ ਹੈ।
ਇਹ ਮਾਮਲਾ ਬਰਨਾਲਾ ਜ਼ਿਲ੍ਹੇ ਦੇ ਪਿੰਡ ਰੂੜੇਕੇ ਕਲਾਂ ਨਾਲ ਸਬੰਧਤ ਹੈ। ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਲਗਾਏ ਗਏ ਪੋਸਟਰਾਂ ਨੂੰ ਕਿਸੇ ਸ਼ਰਾਰਤੀ ਅਨਸਰ ਵੱਲੋਂ ਖ਼ਰਾਬ ਕਰ ਦਿੱਤਾ ਗਿਆ। ਜਿਸ ਦਾ ਇਲਜ਼ਾਮ ਪਿੰਡ ਦੇ ਅਕਾਲੀ ਆਗੂ ਵੱਲੋਂ ਬੀਕੇਯੂ ਕਾਦੀਆਂ ਦੇ ਅਹੁਦੇਦਾਰਾਂ ‘ਤੇ ਲਗਾਇਆ। ਅਤੇ ਕਿਸਾਨ ਜਥੇਬੰਦੀ ਨਾਲ ਜੁੜੇ ਨੌਜਵਾਨਾਂ ਨੂੰ ਫੋਨ 'ਤੇ ਅਕਾਲੀ ਲੀਡਰ ਵੱਲੋਂ ਗਾਲ੍ਹਾਂ ਕੱਢੀਆਂ ਗਈਆਂ ਹਨ। ਜਿਸ ਦੀ ਇਕ ਆਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀ ਹੈ।
ਅਕਾਲੀ ਆਗੂ ਵੱਲੋਂ ਬੀਕੇਯੂ ਕਾਦੀਆਂ ਦੇ ਆਗੂਆਂ 'ਤੇ ਕੁੱਟਮਾਰ ਦੇ ਇਲਜ਼ਾਮ ਸਬੰਧੀ ਥਾਣਾ ਰੂੜੇਕੇ ਕਲਾਂ ਵਿਖੇ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਜਿਸ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀ ਦੀ ਜ਼ਿਲ੍ਹਾ ਲੀਡਰਸ਼ਿਪ ਅਤੇ ਪਿੰਡ ਰੂੜੇਕੇ ਕਲਾਂ ਨਾਲ ਸਬੰਧਤ ਅਹੁਦੇਦਾਰਾਂ ਵੱਲੋਂ ਐੱਸ.ਐੱਸ.ਪੀ. ਬਰਨਾਲਾ ਨੂੰ ਮੰਗ ਪੱਤਰ ਦੇ ਕੇ ਸੰਘਰਸ਼ ਦੀ ਚਿਤਾਵਨੀ ਦਿੱਤੀ ਗਈ ਹੈ।