ਬਰਨਾਲਾ: ਪੰਜਾਬ ਸਰਕਾਰ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ ਨਸ਼ਿਆ ਦੇ ਮਾਮਲੇ ਨੂੰ ਲੈ ਕੇ ਪਰਚਾ ਦਰਜ਼ ਕੀਤਾ ਗਿਆ ਹੈ। ਜਿਸਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਰੋਸ ਜ਼ਾਹਰ ਕਰਦਿਆਂ ਪੰਜਾਬ ਭਰ ਦੇ ਜਿਲ੍ਹਾ ਹੈਡਕੁਆਟਰਾਂ ’ਤੇ ਰੋਸ ਧਰਨੇ ਲਗਾਉਣ ਦਾ ਐਲਾਨ ਕੀਤਾ ਗਿਆ ਸੀ। ਜਿਸ ਤਹਿਤ ਬਰਨਾਲਾ ਵਿਖੇ ਵੀ ਸ਼੍ਰੋਮਣੀ ਅਕਾਲੀ ਦਲ ਵਲੋਂ ਡੀਐਸਪੀ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ। ਪਰ ਜਿਲ੍ਹੇ ਭਰ ਦੇ ਅਕਾਲੀਆਂ ਲਈ ਸਥਿਤੀ ਉਦੋਂ ਹਾਸੋਹੀਣੀ ਬਣ ਗਈ, ਜਦੋਂ ਜਿਲ੍ਹਾ ਪੱਧਰੀ ਇਸ ਧਰਨੇ ਵਿੱਚ ਤਿੰਨ ਵਿਧਾਨ ਸਭਾ ਹਲਕਿਆਂ ਤੋਂ 100 ਬੰਦਾ ਵੀ ਅਕਾਲੀ ਦਲ ਜੁਟਾ ਨਾ ਸਕਿਆ। ਇਸ ਧਰਨੇ ਵਿੱਚ ਅਕਾਲੀ ਦਲ ਦੇ ਗਿਣਵੇਂ ਚੁਣਵੇਂ ਨੇਤਾ ਹੀ ਦੇਖਣ ਨੂੰ ਮਿਲੇ। ਪਰ ਇਸ ਦੌਰਾਨ ਕਾਫੀ ਘੱਟ ਗਿਣਤੀ ’ਚ ਲੋਕ ਸ਼ਾਮਲ ਹੋਏ।
ਕਿਸਾਨਾਂ ਦੇ ਡੀਸੀ ਦਫ਼ਤਰ ਧਰਨੇ ਕਾਰਨ ਥਾਂ ਬਦਲੀ
ਦੱਸ ਦਈਏ ਕਿ ਬਰਨਾਲਾ ਵਿੱਚ ਡੀਸੀ ਕੰਪਲੈਕਸ ਦੇ ਅੰਦਰ ਹੀ ਐਸਐਸਪੀ ਦਫ਼ਤਰ ਬਣਿਆ ਹੋਇਆ ਹੈ ਅਤੇ ਡੀਸੀ ਦਫ਼ਤਰ ਅੱਗੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਧਰਨਾ ਲਗਾਇਆ ਹੋਇਆ ਹੈ। ਕਿਸਾਨ ਜੱਥੇਬੰਦੀ ਦੇ ਵਿਰੋਧ ਤੋਂ ਬਚਣ ਲਈ ਅਕਾਲੀ ਦਲ ਨੂੰ ਧਰਨੇ ਦੀ ਥਾਂ ਐਸਐਸਪੀ ਦਫ਼ਤਰ ਤੋਂ ਤਬਦੀਲ ਕਰਕੇ ਡੀਐਸਪੀ ਦਫ਼ਤਰ ਰੱਖਣੀ ਪਈ।
ਕਾਫੀ ਘੱਟ ਗਿਣਤੀ ’ਚ ਪਹੁੰਚੇ ਆਗੂ ਮਿਲੀ ਜਾਣਕਾਰੀ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਲਈ ਸਵੇਰੇ 10 ਵਜੇ ਦਾ ਸਮਾਂ ਦਿੱਤਾ ਗਿਆ ਸੀ, ਜੋ ਵਟਸਐਪ ਗਰੁੱਪਾਂ ਵਿੱਚ ਘੁਮਾਇਆ ਗਿਆ। ਪਰ 10 ਵਜੇ ਤੱਕ ਕਾਫੀ ਘੱਟ ਗਿਣਤੀ ’ਚ ਅਕਾਲੀ ਆਗੂ ਹੀ ਧਰਨਾ ਸਥਾਨ ’ਤੇ ਦੇਖਣ ਨੂੰ ਮਿਲਿਆ। 12 ਵਜੇ ਤੱਕ ਮਸਾਂ ਅਕਾਲੀ ਦਲ ਦੇ ਆਗੂ ਤੇ ਵਰਕਰ ਧਰਨੇ ਲਈ ਇਕੱਠ ਜੁਟਾ ਸਕੇ। ਪਰ ਇਹ ਧਰਨਾ ਬਹੁਤਾ ਲੰਬਾ ਨਾ ਚੱਲਿਆ ਅਤੇ ਤਕਰੀਬਨ 2 ਘੰਟੇ ਤੱਕ ਇਹ ਧਰਨਾ ਪ੍ਰਦਰਸ਼ਨ ਖਤਮ ਹੋ ਗਿਆ।
ਮਜੀਠੀਆ ਖਿਲਾਫ ਝੂਠਾ ਪਰਚਾ ਦਰਜ਼ ਕੀਤਾ - ਅਕਾਲੀ ਆਗੂ
ਇਸ ਮੌਕੇ ਧਰਨਾ ਪ੍ਰਦਰਸ਼ਨ ਕਰ ਰਹੇ ਅਕਾਲੀ ਆਗੂ ਕੁਲਵੰਤ ਸਿੰਘ ਅਤੇ ਸਤਨਾਮ ਸਿੰਘ ਰਾਹੀ ਨੈ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਾ ਜੱਥੇਬੰਦੀ ਹੈ। ਕਾਂਗਰਸ ਸਰਕਾਰ ਅਕਾਲੀ ਦਲ ਦੇ ਆਗੂਆਂ ਦਾ ਨਾਮ ਨਸ਼ੇ ਨਾਲ ਜੋੜ ਕੇ ਜਿੱਥੇ ਪੰਥਕ ਪਾਰਟੀ ਨੂੰ ਬਦਨਾਮ ਕਰਨ ਦੀ ਕੋਸਿ਼ਸ਼ ਕਰ ਰਹੀ ਹੈ, ਉੱਥੇ ਰੰਜਿਸ਼ ਤਹਿਤ ਦੁਸ਼ਮਣੀ ਕੱਢੀ ਜਾ ਰਹੀ ਹੈ। ਬਿਕਰਮ ਸਿੰਘ ਮਜੀਠੀਆ ਖਿਲਾਫ ਨਸ਼ੇ ਸਬੰਧੀ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਪਰਚਾ ਦਰਜ਼ ਕੀਤਾ ਗਿਆ ਹੈ, ਜਿਸਨੂੰ ਅਕਾਲੀ ਦਲ ਅਤੇ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਇਸ ਪਰਚੇ ਨੂੰ ਤੁਰੰਤ ਰੱਦ ਕੀਤਾ ਜਾਵੇ।
ਇਹ ਵੀ ਪੜੋ:Ludhiana District Court Blast: ਡੀਜੀਪੀ ਲੁਧਿਆਣਾ ਬਲਾਸਟ ਮਾਮਲੇ ’ਚ ਕਰਨਗੇ ਵੱਡੇ ਖੁਲਾਸੇ !