ਬਰਨਾਲਾ: ਬੀਬੀ ਜਗੀਰ ਕੌਰ ਨੂੰ ਬਰਨਾਲਾ ਗੁਰਦੁਆਰਾ ਬਾਬਾ ਗਾਂਧਾ ਸਿੰਘ ਦੇ ਐਸਜੀਪੀਸੀ ਦੇ ਮੈਨੇਜਰ ਸੁਰਜੀਤ ਸਿੰਘ ਵਲੋਂ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਬੀਬੀ ਜਗੀਰ ਕੌਰ ਵਲੋਂ ਇੱਕ ਨਿੱਜੀ ਚੈਨਲ 'ਤੇ ਇੰਟਰਵਿਊ ਦੌਰਾਨ ਐਸਜੀਪੀਸੀ ਦੇ ਮੈਨੇਜਰ ਸੁਰਜੀਤ ਸਿੰਘ ਉਪਰ ਲਗਾਏ ਗਏ ਸਨ। ਮੈਨੈਜਰ ਨੇ ਕਾਨੂੰਨੀ ਨੋਟਿਸ ਭੇਜ ਕੇ ਬੀਬੀ ਜਗੀਰ ਕੌਰ ਨੂੰ ਜਨਤਕ ਮੁਆਫੀ ਮੰਗਣ ਲਈ ਕਿਹਾ ਹੈ ਅਤੇ ਮੁਆਫੀ ਨਾ ਮੰਗਣ ਉੱਤੇ ਮਾਣਹਾਨੀ ਕੇਸ ਕਰਨ ਦੀ ਚੇਤਾਵਨੀ ਦਿੱਤੀ ਹੈ।
"ਬੀਬੀ ਜਾਗੀਰ ਕੌਰ ਮੁਆਫੀ ਮੰਗਣ": ਇਸ ਮੌਕੇ ਗੱਲਬਾਤ ਕਰਦਿਆਂ ਮੈਨੇਜਰ ਸੁਰਜੀਤ ਸਿੰਘ ਨੇ ਕਿਹਾ ਕਿ ਬੀਬੀ ਜਗੀਰ ਕੌਰ ਦੇ ਬਿਆਨ ਨਾਲ ਉਨ੍ਹਾਂ ਦੀ ਸਾਖ ਨੂੰ ਨੁਕਸਾਨ ਪੁੱਜਿਆ ਹੈ। ਇਸ ਕਰਕੇ ਉਨ੍ਹਾਂ ਨੇ ਇਹ ਨੋਟਿਸ ਬੀਬੀ ਜਗੀਰ ਕੌਰ ਨੂੰ ਭੇਜਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਬੀਬੀ ਜਗੀਰ ਕੌਰ ਨੇ ਮੁਆਫ਼ੀ ਨਾ ਮੰਗੀ, ਤਾਂ ਉਹ ਮਾਣਹਾਨੀ ਦਾ ਕੇਸ ਦਾਇਰ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਉਪਰ ਜੋ ਇਲਜ਼ਾਮ ਲਗਾਏ ਗਏ ਹਨ, ਉਸ ਦੀ ਬਾਕਾਇਦਾ ਐਸਜੀਪੀਸੀ ਵਲੋਂ ਜਾਂਚ ਕਰਵਾਈ ਗਈ, ਜਿਸ ਵਿੱਚ ਉਹ ਬਰੀ ਹੋਏ ਹਨ। ਉਨ੍ਹਾਂ ਉਪਰ ਲੱਗੇ ਸਾਰੇ ਇਲਜ਼ਾਮ ਝੂਠੇ ਸਾਬਿਤ ਹੋਏ ਹਨ।
"ਬੀਬੀ ਨੂੰ ਵੋਟ ਪਾਉਣ ਤੋਂ ਮਨਾ ਕੀਤਾ ਸੀ, ਇਸ ਲਈ ਨਾਰਾਜ਼": ਉਥੇ ਐਸਜੀਪੀਸੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਪਰਮਜੀਤ ਸਿੰਘ ਖਾਲਸਾ ਨੇ ਕਿਹਾ ਕਿ ਬੀਤੇ ਦਿਨੀਂ ਐਸਜੀਪੀਸੀ ਦੇ ਪ੍ਰਧਾਨ ਦੀ ਚੋਣ ਹੋਈ ਸੀ। ਇਸ ਲਈ ਬੀਬੀ ਜਗੀਰ ਕੌਰ ਵਲੋਂ ਉਹਨਾਂ ਨੂੰ ਫੋਨ ਉੱਤੇ ਸੰਪਰਕ ਕਰਕੇ ਵੋਟ ਪਾਉਣ ਦੀ ਗੱਲ ਆਖੀ ਕਹੀ ਗਈ ਸੀ। ਪਰ, ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਦਾ ਸਾਥ ਦੇਣ ਦੀ ਗੱਲ ਕਹਿ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਸ ਗੱਲ ਤੋਂ ਬੀਬੀ ਜਗੀਰ ਕੌਰ ਉਨ੍ਹਾਂ ਨਾਲ ਨਰਾਜ਼ ਹੋ ਗਏ ਅਤੇ ਇਸੇ ਕਾਰਨ ਹੀ ਉਨ੍ਹਾਂ ਨੇ ਬੌਖਲਾਹਟ ਵਿੱਚ ਆ ਕੇ ਐਸਜੀਪੀਸੀ ਦੇ ਮੁਲਾਜ਼ਮ ਉਪਰ ਝੂਠੇ ਦੋਸ਼ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਮੈਨੇਜਰ ਉਪਰ ਬੀਬੀ ਜਗੀਰ ਕੌਰ ਦੋਸ਼ ਲਗਾ ਰਹੇ ਹਨ ਕਿ ਉਸ ਮੈਨੇਜਰ ਦੀ ਬਹਾਲੀ ਐਸਜੀਪੀਸੀ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਹੀ ਹੋ ਗਈ ਸੀ। ਉਨ੍ਹਾਂ ਕਿਹਾ ਕਿ ਅਜਿਹੇ ਦੋਸ਼ ਲਗਾ ਕੇ ਬੀਬੀ ਜਗੀਰ ਕੌਰ ਗੰਦੀ ਰਾਜਨੀਤੀ ਕਰ ਰਹੇ ਅਤੇ ਐਸਜੀਪੀਸੀ ਤੇ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।