ਬਰਨਾਲਾ: ਜਿੱਥੇ ਸੂਬਾ ਸਰਕਾਰ ਨੇ ਲੁਧਿਆਣਾ ਵਿੱਚ ਮੱਤੇਵਾੜਾ ਦੇ ਜੰਗਲ ਨੂੰ ਖ਼ਤਮ ਕਰਕੇ ਉੱਥੇ ਉਦਯੋਗ ਲਗਾਉਣ ਦਾ ਫੈਸਲਾ ਕੀਤਾ ਹੈ ਉੱਥੇ ਹੀ ਐਸਜੀਪੀਸੀ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਲਈ ਜੰਗਲ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਸ਼ੁੱਕਰਵਾਰ ਨੂੰ ਬਰਨਾਲਾ ਦੇ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਵਿਖੇ ਐਸਜੀਪੀਸੀ ਦੇ ਪ੍ਰਧਾਨ ਲੌਂਗੋਵਾਲ ਵੱਲੋਂ ਖੁਦ ਜੰਗਲ ਲਗਾਉਣ ਦੀ ਪਹਿਲਕਦਮੀ ਕੀਤੀ ਗਈ ਹੈ।
ਐਸਜੀਪੀਸੀ ਦੇ ਪ੍ਰਧਾਨ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਅਤੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੇ ਸਹਿਯੋਗ ਸਦਕਾ ਵੱਖ-ਵੱਖ ਗੁਰੂ ਘਰਾਂ ਵਿੱਚ ਜੰਗਲ ਲਗਾਉਣੇ ਸ਼ੁਰੂ ਕੀਤੇ ਗਏ ਹਨ। ਇਹ ਦਰਖਤ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਤ ਰੱਖਦੇ ਹਨ, ਪਸ਼ੂ ਪੰਛੀਆਂ ਦੇ ਰਹਿਣ ਬਸੇਰੇ ਹਨ, ਇਹ ਦਰੱਖਤ ਵਾਤਾਵਰਨ ਨੂੰ ਹਰਾ ਭਰਾ ਰੱਖਣ ਦੇ ਨਾਲ ਨਾਲ ਸ਼ੁੱਧ ਰੱਖਦੇ ਹਨ, ਜਿਸ ਕਰਕੇ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਾ ਸਾਹਿਬਾਨਾਂ ਵਿੱਚ ਜੰਗਲ ਲਗਾਉਣ ਦੀ ਮੁਹਿੰਮ ਕੀਤੀ ਹੈ। ਉਨ੍ਹਾਂ ਕਿਹਾ ਕਿ ਇੱਕ-ਇੱਕ ਏਕੜ ਵਿੱਚ ਇਹ ਜੰਗਲ ਲਗਾਏ ਜਾਣਗੇ, ਜਿਸ ਵਿੱਚ 50 ਤਰ੍ਹਾਂ ਦੇ ਇੱਕ ਹਜ਼ਾਰ ਦੇ ਕਰੀਬ ਰੁੱਖ ਲਗਾਏ ਜਾਣਗੇ। ਇਨ੍ਹਾਂ ਰੁੱਖਾਂ ਵਿੱਚ ਫਲ ਦਾਰ, ਛਾਂ-ਦਾਰ ਤੇ ਦਵਾਈ ਬਣਾਉਣ ਵਾਲੇ ਰੁੱਖ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਬਾਬਾ ਸੇਵਾ ਸਿੰਘ ਵੱਲੋਂ ਇਨ੍ਹਾਂ ਦਰੱਖਤਾਂ ਦੀ ਸੇਵਾ ਕੀਤੀ ਜਾਵੇਗੀ। ਜੋ ਦਰੱਖਤ ਅਲੋਪ ਹੋ ਗਏ ਹਨ, ਉਨ੍ਹਾਂ ਨੂੰ ਜੰਗਲ ਵਿੱਚ ਲਗਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਰਕਾਰ ਵੱਲੋਂ ਜੰਗਲ ਖ਼ਤਮ ਕਰਨ ਦੀ ਗੱਲ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਜੰਗਲ ਦੀ ਥਾਂ ਫੈਕਟਰੀਆਂ ਨੂੰ ਲਗਾਉਣਾ ਇਹ ਵਿਕਾਸ ਨਹੀਂ ਵਿਨਾਸ਼ਕਾਰੀ ਹੈ।