ਬਰਨਾਲਾ:ਬਰਨਾਲਾ ਦੇ ਵਾਰਡ ਨੰਬਰ 4 ਵਿੱਚ ਸੀਵਰੇਜ ਸਮੱਸਿਆ ਕਾਰਨ ਲੋਕ ਪ੍ਰੇਸ਼ਾਨ ਹਨ। ਸੀਵਰੇਜ ਦਾ ਗੰਦਾ ਪਾਣੀ ਗੁਰਦੁਆਰਾ ਸਾਹਿਬ ਅੰਦਰ ਹੋਇਆ ਦਾਖਲ ਹੋ ਗਿਆ। ਲੋਕਾਂ ਵਲੋਂ ਆਪਣੇ ਪੱਧਰ 'ਤੇ ਗੁਰਦੁਆਰਾ ਸਾਹਿਬ ਦੇ ਗੇਟ 'ਤੇ ਆਰਜ਼ੀ ਬੰਨ੍ਹ ਲਗਾਇਆ ਗਿਆ। ਬੇਅਦਬੀ ਦੇ ਡਰੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੂਜੇ ਗੁਰਦੁਆਰਾ ਸਾਹਿਬ ਵਿੱਚ ਲਿਜਾਏ ਗਏ। ਪੀੜਤ ਲੋਕਾਂ ਵਲੋਂ ਸਰਕਾਰ ਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਪੀੜਤ ਲੋਕਾਂ ਨੇ ਦੱਸੇ ਮੌਜੂਦਾਂ ਹਾਲ:- ਇਸ ਮੌਕੇ ਗੱਲਬਾਤ ਕਰਦਿਆਂ ਪੀੜਤ ਲੋਕਾਂ ਨੇ ਦੱਸਿਆ ਕਿ ਉਹਨਾਂ ਦੇ 4 ਨੰਬਰ ਵਾਰਡ ਦੇ ਸੰਧੂ ਪੱਤੀ ਵਿੱਚ ਘੰੜੂਆਂ ਰੋਡ ਦੀ ਸੀਵਰੇਜ ਦੀ ਵੱਡੀ ਸਮੱਸਿਆ ਹੈ। ਇੱਥੇ ਗੁਰਦੁਆਰਾ ਸਾਹਿਬ ਪੰਜ ਪਿਆਰੇ ਪੂਰੀ ਤਰ੍ਹਾਂ ਨਾਲ ਸੀਵਰੇਜ ਦੇ ਗੰਦੇ ਪਾਣੀ ਨਾਲ ਘਿਰਿਆ ਹੋਇਆ ਹੈ। ਇਹ ਗੰਦਾ ਪਾਣੀ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਇਆ, ਜਿਸਨੂੰ ਰੋਕਣ ਲਈ ਸੰਗਤਾਂ ਵੱਲੋਂ ਬੰਨ੍ਹ ਲਗਾਏ ਗਏ। ਗੁਰਦੁਆਰਾ ਸਾਹਿਬ ਅੰਦਰ ਮੌਜੂਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੇੜਲੇ ਗੁਰਦੁਆਰਾ ਸਾਹਿਬ ਵਿਖੇ ਪਾਲਕੀ ਸਾਹਿਬ ਵਿੱਚ ਰੱਖ ਕੇ ਲਿਜਾਏ ਗਏ ਤਾਂ ਕਿ ਇੱਥੇ ਕੋਈ ਹਾਦਸਾ ਨਾ ਵਾਪਰ ਸਕੇ। ਗੰਦੇ ਪਾਣੀ ਦਾ ਹੱਲ ਨਾ ਕਰਕੇ ਪ੍ਰਸ਼ਾਸਨ ਗੁਰਦੁਆਰਾ ਸਾਹਿਬ ਦੀ ਬੇਅਦਬੀ ਕਰਨ ਰਿਹਾ ਹੈ।
ਸੀਵਰੇਜ ਦੀ ਸਮੱਸਿਆ ਲੰਮੇ ਸਮੇਂ ਦੀ:- ਇਸ ਦੌਰਾਨ ਹੀ ਪੀੜਤ ਲੋਕਾਂ ਨੇ ਕਿਹਾ ਕਿ ਇਸ ਜਗ੍ਹਾ ਸੀਵਰੇਜ ਦੀ ਸਮੱਸਿਆ ਬਹੁਤ ਸਾਲਾਂ ਦੀ ਹੈ। ਇਸਦੇ ਹੱਲ ਲਈ ਸੀਵਰੇਜ ਵੀ ਪਾਇਆ ਗਿਆ, ਪਰ ਫੇਰ ਵੀ ਗੰਦੇ ਪਾਣੀ ਦੀ ਨਿਕਾਸੀ ਨਹੀਂ ਹੋ ਸਕੀ। ਉਹਨਾਂ ਕਿਹਾ ਕਿ ਇਸ ਜਗ੍ਹਾ ਸਿਰਫ ਗੁਰਦੁਆਰਾ ਸਾਹਿਬ ਹੀ ਨਹੀਂ, ਬਲਕਿ ਮੰਦਰ, ਸਕੂਲ ਅਤੇ ਸਰਕਾਰੀ ਕਾਲਜ ਵੀ ਹੈ। ਲੋਕਾਂ ਨੂੰ ਇਸ ਗੰਦੇ ਪਾਣੀ ਵਿੱਚੋਂ ਲੰਘਣਾ ਪੈਂਦਾ ਹੈ। ਉਹਨਾਂ ਕਿਹਾ ਕਿ ਇਸ ਗੰਦੇ ਪਾਣੀ ਨਾਲ ਵੱਡੇ ਪੱਧਰ ਤੇ ਮੱਛਰ ਪੈਦਾ ਹੋ ਰਿਹਾ ਹੈ, ਜੋ ਬੀਮਾਰੀਆਂ ਪੈਦਾ ਕਰ ਰਿਹਾ ਹੈ। ਸੀਵਰੇਜ ਬੋਰਡ ਦੇ ਅਧਿਕਾਰੀ ਆਉਂਦੇ ਹਨ ਅਤੇ ਗੇੜਾ ਮਾਰ ਕੇ ਚਲੇ ਜਾਂਦੇ ਹਨ, ਪਰ ਇਸ ਸਮੱਸਿਆ ਦਾ ਹੱਲ ਨਹੀਂ ਕਰਦੇ। ਉਹਨਾਂ ਕਿਹਾ ਕਿ ਜੇਕਰ ਇਸਦਾ ਹੱਲ ਜਲਦ ਨਾ ਕੀਤਾ ਤਾਂ ਉਹ ਆਉਣ ਵਾਲੇ ਸਮੇਂ ਵਿੱਚ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।
ਜੇਈ ਅਜੇ ਕੁਮਾਰ ਨੇ ਦਿੱਤੀ ਭਰੋਸਾ:- ਉੱਥੇ ਇਸ ਸਬੰਧੀ ਸੀਵਰੇਜ ਬੋਰਡ ਦੇ ਜੇਈ ਅਜੇ ਕੁਮਾਰ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਗੰਦੇ ਪਾਣੀ ਦੀ ਨਿਕਾਸੀ ਦੇ ਹੱਲ ਲਈ ਲਗਾਤਾਰ ਯਤਨ ਕੀਤਾ ਜਾ ਰਿਹਾ ਹੈ। ਜਦੋਂ ਵੀ ਉਹਨਾਂ ਨੂੰ ਕੋਈ ਸ਼ਿਕਾਇਤ ਮਿਲਦੀ ਹੈ, ਉਹ ਤੁਰੰਤ ਇਸਦਾ ਹੱਲ ਕਰਦੇ ਹਨ। ਸ਼ਹਿਰ ਵੱਡਾ ਹੋਣ ਕਰਕੇ ਸਮੱਸਿਆ ਦੇ ਹੱਲ ਵਿੱਚ ਦੇਰੀ ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਵਾਰਡ ਨੰਬਰ 4 ਦੇ ਗੰਦੇ ਪਾਣੀ ਦੇ ਹੱਲ ਲਈ ਸੀਵਰੇਜ ਦੀ ਸਫਾਈ ਚੱਲ ਰਹੀ ਹੈ, ਬਹੁਤ ਜਲਦ ਇਸਦਾ ਹੱਲ ਕਰ ਦਿੱਤਾ ਜਾਵੇਗਾ।