ਬਰਨਾਲਾ: ਕਸਬਾ ਭਦੌੜ ਦੇ ਲੋਕ ਇੰਨੀਂ ਦਿਨੀਂ ਗੰਦੇ ਪਾਣੀ ਕਾਰਨ ਬੇਹਦ ਪਰੇਸ਼ਾਨ ਹਨ। ਕਸਬਾ ਭਦੌੜ-ਤਲਵੰਡੀ ਰੋਡ 'ਤੇ ਖੜ੍ਹਾ ਸੀਵਰੇਜ ਦੇ ਗੰਦੇ ਪਾਣੀ ਲੋਕਾਂ ਲਈ ਵੱਡੀ ਮੁਸੀਬਤ ਬਣ ਚੁੱਕਾ ਹੈ। ਭਦੌੜ-ਤਲਵੰਡੀ ਰੋਡ ਨੇੜਲੇ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਸੀਵਰੇਜ ਦੇ ਪਾਣੀ ਲਈ ਸਹੀ ਨਿਕਾਸੀ ਪ੍ਰਬੰਧ ਨਹੀਂ ਹਨ। ਇਸ ਕਾਰਨ ਸੀਵਰੇਜ ਦਾ ਗੰਦਾ ਪਾਣੀ ਇਲਾਕੇ ਦੇ ਘਰਾਂ ਦੇ ਸਾਹਮਣੇ ਅਤੇ ਰੋਡ 'ਤੇ ਭਰ ਜਾਂਦਾ ਹੈ। ਲੋਕਾਂ ਨੇ ਦੱਸਿਆ ਕਿ ਗੰਦੇ ਪਾਣੀ ਕਾਰਨ ਆਵਾਜਾਈ ਤੇ ਲੋਕਾਂ ਦੇ ਕਾਰੋਬਾਰ ਪ੍ਰਭਾਵਤ ਹੋਏ ਹਨ। ਇਸ ਤੋਂ ਇਲਾਵਾ ਗੰਦੇ ਪਾਣੀ ਕਾਰਨ ਹਮੇਸ਼ਾ ਬਿਮਾਰੀਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਲੋਕਾਂ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਸ਼ਹਿਰਾਂ ਦੇ ਵਿਕਾਸ ਲਈ ਵੱਡੀ-ਵੱਡੀ ਗ੍ਰਾਂਟਾਂ ਤਾਂ ਜਾਰੀ ਕਰ ਦਿੰਦਿਆਂ ਹਨ ਪਰ ਇਸ ਦਾ ਸਹੀ ਢੰਗ ਨਾਲ ਇਸਤੇਮਾਲ ਨਹੀਂ ਹੁੰਦਾ। ਗ੍ਰਾਂਟ ਮਿਲਣ ਦੇ ਬਾਵਜੂਦ ਸਿਆਸੀ ਧੜੇਬੰਦੀਆਂ ਕਾਰਨ ਆਮ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਥੇ ਗੰਦੇ ਪਾਣੀ ਦੀ ਸਮੱਸਿਆ ਲਗਾਤਾਰ ਕਈ ਸਾਲਾਂ ਤੋਂ ਬਣੀ ਹੋਈ ਹੈ ਤੇ ਵਾਰ-ਵਾਰ ਡਿਪਟੀ ਕਮਿਸ਼ਨਰ ਸਣੇ ਵਿਧਾਇਕ ਤੱਕ ਅਪੀਲ ਦੇ ਬਾਵਜੂਦ ਉਨ੍ਹਾਂ ਦੀ ਪਰੇਸ਼ਾਨੀ ਹੱਲ ਨਹੀਂ ਹੋ ਸਕੀ।