ਬਰਨਾਲਾ: ਬਰਨਾਲਾ ਦੇ ਐਸ ਡੀ ਕਾਲਜ ਵਿੱਚ ਸਾਹਿਤਕਾਰ ਦੇਵਿੰਦਰ ਸਤਿਆਰਥੀ ਨੂੰ ਸਮਰਪਿਤ ਇੱਕ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਨੂੰ ਕਰਵਾਉਣ ਦਾ ਮਕਸਦ ਇਹ ਵਿਚਾਰ ਚਰਚਾ ਕਰਨਾ ਸੀ ਕਿ ਅੱਜ ਦਾ ਸਮਾਜ ਸਾਹਿਤ ਤੋਂ ਕਿਉਂ ਦੂਰ ਜਾ ਰਿਹਾ ਹੈ? ਲਿਖਣ ਅਤੇ ਪੜ੍ਹਨ ਦੀ ਕਲਾ ਸਮਾਜ ਤੋਂ ਦੂਰ ਕਿਉ ਹੋ ਰਹੀ ਹੈ?
ਇਸ ਸੈਮੀਨਾਰ ਵਿੱਚ ਪੰਜਾਬ ਸਾਹਿਤ ਅਕੈਡਮੀ ਲੁਧਿਆਣਾ ਤੋਂ ਸਾਹਿਤਕਾਰ ਪਹੁੰਚੇ। ਇਸ ਮੌਕੇ ਜ਼ਿਲ੍ਹਾ ਬਰਨਾਲਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਤੋਂ ਵੀ ਕਈ ਚਰਚਿਤ ਬੁੱਧੀਜੀਵੀਆਂ ਅਤੇ ਸਾਹਿਤਕਾਰਾਂ ਨੇ ਵੀ ਸ਼ਿਰਕਤ ਕੀਤੀ। ਪੰਜਾਬੀ ਸਾਹਿਤ ਅਕੈਡਮੀ ਵੱਲੋਂ ਪਹੁੰਚੇ ਸਾਹਿਤਕਾਰਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਦੇਵਿੰਦਰ ਸਤਿਆਰਥੀ ਬਰਨਾਲਾ ਦੇ ਭਦੌੜ ਕਸਬੇ ਦੇ ਜੰਮਪਲ ਸਨ ਅਤੇ ਉਨ੍ਹਾਂ ਦੀਆਂ ਰਚਨਾਵਾਂ, ਕਵਿਤਾਵਾਂ ਅਤੇ ਗੀਤਾਂ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ। ਉਨ੍ਹਾਂ ਵੱਲੋਂ ਲਿਖੇ ਨਾਵਲਾਂ ਦਾ ਸੰਦੇਸ਼ ਅੱਜ ਵੀ ਲੋਕ ਪੜ੍ਹਦੇ ਹਨ ਅਤੇ ਯਾਦ ਕਰਦੇ ਹਨ। ਸਾਹਿਤਕਾਰਾਂ ਨੇ ਕਿਹਾ ਕਿ ਅੱਜ ਦਾ ਸੈਮੀਨਾਰ ਉਨ੍ਹਾਂ ਨੂੰ ਸਮਰਪਿਤ ਹੈ।