ਬਰਨਾਲਾ: ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਅਤੇ ਪੜ੍ਹਾਉਣ ਤਕਨੀਕਾਂ ਵਿੱਚ ਸੁਧਾਰ ਕੀਤੇ ਜਾ ਰਹੇ ਹਨ। ਇਸੇ ਤਹਿਤ ਜ਼ਿਲ੍ਹਾ ਬਰਨਾਲਾ 'ਚ ਸਕੂਲ ਮੁਖੀ ਅਤੇ ਅਧਿਆਪਕ ਸਕੂਲਾਂ ਦੀ ਨੁਹਾਰ ਬਦਲਣ ਲਈ ਅੱਗੇ ਆਏ ਹਨ।
ਸਰਬਜੀਤ ਸਿੰਘ ਤੂਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਸਕੂਲਾਂ ਨੂੰ ਬੁਨਿਆਦੀ ਢਾਂਚੇ ਅਤੇ ਪੜ੍ਹਾਉਣ ਤਕਨੀਕਾਂ ਪੱਖੋਂ ਮੋਹਰੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਵਿੱਚ ਅਧਿਆਪਕਾਂ ਦੀ ਭੂਮਿਕਾ ਸਭ ਤੋਂ ਅਹਿਮ ਹੈ। ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਜਿੱਥੇ ਸਰਕਾਰੀ ਗ੍ਰਾਂਟਾਂ ਦਾ ਸਦਉਪਯੋਗ ਕਰਦਿਆਂ ਸਰਕਾਰੀ ਹਦਾਇਤਾਂ ਤੋਂ ਵੀ ਜਿਆਦਾ ਕੰਮ ਕੀਤਾ ਜਾ ਰਿਹਾ ਹੈ, ਉੱਥੇ ਹੀ ਅਧਿਆਪਕਾਂ ਵੱਲੋਂ ਸਮਾਜ ਦੀਆਂ ਦਾਨੀ ਸਖਸੀਅਤਾਂ ਨੂੰ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਸਿੱਖਿਆ ਅਧਿਕਾਰੀ ਨੇ ਕਿਹਾ ਕਿ ਇਹ ਅਧਿਆਪਕਾਂ ਦੀ ਸਮਰਪਣ ਭਾਵਨਾ ਹੀ ਹੈ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਪੜ੍ਹਾਉਣ ਦੇ ਨਾਲ ਨਾਲ ਖੁਦ ਸਕੂਲਾਂ ਦੇ ਪਾਰਕਾਂ ਦਾ ਰੱਖ ਰਖਾਵ ਕਰਦੇ ਅਤੇ ਜਮਾਤ ਕਮਰਿਆਂ ਨੂੰ ਪੇਂਟਿੰਗ ਅਤੇ ਮਾਟੋਆਂ ਰਾਹੀਂ ਸ਼ਿੰਗਾਰਦੇ ਨਜ਼ਰ ਆਉਂਦੇ ਹਨ। ਸਰਕਾਰੀ ਸਕੂਲਾਂ ਦੇ ਅਧਿਆਪਕ ਬਹੁਪੱਖੀ ਸਖਸ਼ੀਅਤ ਦੇ ਮਾਲਕ ਹੋਣ ਦਾ ਪ੍ਰਤੱਖ ਪ੍ਰਮਾਣ ਦੇ ਰਹੇ ਹਨ। ਅਧਿਆਪਕ ਖੁਦ ਮਾਪਿਆਂ ਨੂੰ ਘਰਾਂ ਵਿੱਚ ਪਹੁੰਚ ਕੇ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਬਾਰੇ ਜਾਗਰੂਕ ਕਰਨ ਸਮੇਤ ਸਵੈ ਇੱਛਾ ਨਾਲ ਦਾਖਲਾ ਜਾਗਰੂਕਤਾ ਫਲੈਕਸਾਂ ਅਤੇ ਪੋਸਟਰ ਲਗਾ ਰਹੇ ਹਨ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੱਲੇਵਾਲ ਦੇ ਪ੍ਰਿੰਸੀਪਲ ਸੁਨੀਤਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਅਧਿਆਪਕਾਂ ਵੱਲੋਂ ਜਿੱਥੇ ਸਕੂਲ ਦੇ ਰੱਖ ਰਖਾਵ ਦੇ ਬਹੁਤ ਸਾਰੇ ਕੰਮ ਹੱਥੀਂ ਕੀਤੇ ਜਾ ਰਹੇ ਹਨ, ਉੱਥੇ ਹੀ ਮੈਡਮ ਪਰਦੀਪ ਕੌਰ ਪੰਜਾਬੀ ਮਿਸਟ੍ਰੈਸ ਵੱਲੋਂ ਖੁਦ ਲਾਇਬ੍ਰੇਰੀ ਵਿੱਚ ਮੋਟੋ ਲਿਖੇ ਗਏ ਹਨ। ਸਰਕਾਰੀ ਹਾਈ ਸਕੂਲ ਪੰਧੇਰ ਦੇ ਇੰਚਾਰਜ ਸੁਮਨ ਜੈਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਖੁਦ ਅਤੇ ਬਾਕੀ ਅਧਿਆਪਕਾਂ ਵੱਲੋਂ ਹੱਥੀਂ ਸਕੂਲ ਦੀਆਂ ਦੀਵਾਰਾਂ 'ਤੇ ਸਿੱਖਿਆਦਾਇਕ ਮਾਟੋ ਲਿਖੇ ਅਤੇ ਪ੍ਰਦਰਸ਼ਨੀ ਬੋਰਡ ਤਿਆਰ ਕੀਤੇ ਗਏ ਹਨ।
ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਬਾਬਾ ਆਲਾ ਸਿੰਘ ਦੇ ਹੈਡਟੀਚਰ ਕਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜਿੱਥੇ ਖੁਦ ਪ੍ਰੀ-ਪ੍ਰਾਇਮਰੀ ਜਮਾਤ ਦਾ ਕਮਰਾ ਧਿਆਨ ਕਰਨ ਦੇ ਨਾਲ ਨਾਲ ਬਹੁਤ ਸਾਰਾ ਬਾਲਾ ਵਰਕ ਹੱਥੀਂ ਕੀਤਾ ਗਿਆ ਹੈ ਉੱਥੇ ਹੀ ਬਾਕੀ ਸਟਾਫ਼ ਮੈਂਬਰ ਵੀ ਖੁਦ ਪਾਰਕ ਦੀ ਦੇਖਭਾਲ ਅਤੇ ਪੇਟਿੰਗ ਦਾ ਕੰਮ ਖੁਦ ਹੱਥੀਂ ਕਰਦੇ ਹਨ। ਜ਼ਿਲ੍ਹਾ ਮੀਡੀਆ ਕੋ-ਆਰਡੀਨੇਟਰ ਨੇ ਕਿਹਾ ਕਿ ਅਧਿਆਪਕਾਂ ਵੱਲੋਂ ਸਕੂਲਾਂ ਦੀ ਨੁਹਾਰ ਤਬਦੀਲੀ ਲਈ ਖੁਦ ਹੱਥੀਂ ਕੀਤਾ ਜਾ ਕੰਮ ਵਿਦਿਆਰਥੀਆਂ ਦੇ ਮਨਾਂ ਵਿੱਚ ਕਿਰਤ ਸਭਿਆਚਾਰ ਪ੍ਰਤੀ ਪਿਆਰ ਪੈਦਾ ਕਰਨ ਦਾ ਸਬੱਬ ਬਣੇਗਾ।