ਬਰਨਾਲਾ: ਜ਼ਿਲ੍ਹੇ ਦੇ ਪਿੰਡ ਕੁਤਬਾ ਦਾ 20 ਸਾਲਾ ਫ਼ੌਜੀ ਜਵਾਨ ਸਤਵਿੰਦਰ ਸਿੰਘ 22 ਜੁਲਾਈ ਨੂੰ ਅਰੁਣਾਚਲ ਪ੍ਰਦੇਸ਼ ਵਿਖੇ ਚੀਨ ਦੀ ਸਰਹੱਦ ’ਤੇ ਲਾਪਤਾ ਹੋ ਗਿਆ ਸੀ। ਸਤਵਿੰਦਰ ਲੱਕੜੀ ਦੇ ਪੁਲ ਤੋਂ ਆਪਣੇ ਸਾਥੀਆਂ ਸਮੇਤ ਦਰਿਆ ਵਿੱਚ ਰੁੜ ਗਿਆ ਸੀ। ਜਿਸ ਦੀ ਫ਼ੌਜੀ ਵਲੋਂ ਕਾਫ਼ੀ ਭਾਲ ਕੀਤੀ ਗਈ ਪਰ ਉਸ ਨੂੰ ਲੱਭਿਆ ਨਹੀਂ ਜਾ ਸਕਿਆ। ਇਸ ਤੋਂ ਬਾਅਦ ਭਾਰਤੀ ਫ਼ੌਜ ਵਲੋਂ ਆਪਣੀ ਤਲਾਸ਼ ਦੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਸਤਵਿੰਦਰ ਸਿੰਘ ਨੂੰ ਸ਼ਹੀਦ ਐਲਾਨ ਦਿੱਤਾ ਗਿਆ ਹੈ। ਇਸ ਮਗਰੋਂ ਸ਼ਹੀਦ ਜਵਾਨ ਸਤਵਿੰਦਰ ਦੇ ਪਿੰਡ ਕੁਤਬਾ ਵਿਖੇ ਸ਼ਰਧਾਂਜਲੀ ਅਤੇ ਭੋਗ ਸਮਾਗਮ ਰੱਖਿਆ ਗਿਆ। ਇਸ ਮੌਕੇ ਜ਼ਿਲੇ ਭਰ ਦੇ ਪ੍ਰਸ਼ਾਸ਼ਨਿਕ ਅਧਿਕਾਰੀ ਅਤੇ ਰਾਜਨੀਤਕ ਆਗੂਆਂ ਨੇ ਪਹੁੰਚ ਕੇ ਸ਼ਹੀਦ ਸਤਵਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਸ਼ਹੀਦ ਸਤਵਿੰਦਰ ਸਿੰਘ ਦੇ ਪਰਿਵਾਰ ਵਲੋਂ ਆਪਣੇ ਪੁੱਤਰ ਨੂੰ ਸ਼ਹੀਦ ਦਾ ਦਰਜ਼ਾ ਮਿਲਣ ਤੋਂ ਬਾਅਦ ਅੰਤਿਮ ਅਰਦਾਸ ਅਤੇ ਭੋਗ ਪਾਏ ਗਏ। ਪਰਿਵਾਰ ਦੀਆਂ ਅੱਖਾਂ ਵਿੱਚੋਂ ਅਜੇ ਵੀ ਹੰਝੂ ਵਗਣ ਤੋਂ ਨਹੀਂ ਰੁਕ ਰਹੇ। ਪਰਿਵਾਰ ਦਾ ਕਹਿਣਾ ਹੈ ਕਿ ਸਤਵਿੰਦਰ ਦਾ ਅਜੇ ਤੱਕ ਕੁੱਝ ਵੀ ਨਹੀਂ ਮਿਲਿਆ, ਜਿਸ ਕਰਕੇ ਉਹ ਕਿਵੇਂ ਮੰਨ ਲੈਣ ਕਿ ਸਤਵਿੰਦਰ ਸ਼ਹੀਦ ਹੋ ਚੁੱਕਾ ਹੈ। ਭਾਰਤੀ ਫ਼ੌਜ ਦੇ ਕਹਿਣ ਅਨੁਸਾਰ ਉਸ ਨੂੰ ਸ਼ਹੀਦ ਕਰਾਰ ਦੇ ਕੇ ਕਾਗਜ਼ੀ ਕਾਰਵਾਈ ਕੀਤੀ ਗਈ ਹੈ। ਸਤਵਿੰਦਰ ਦੇ ਪਿਤਾ ਅਮਰ ਸਿੰਘ ਨੇ ਕਿਹਾ ਕਿ ਜਦੋਂ ਤੱਕ ਜ਼ਿੰਦਗੀ ਰਹੇਗੀ, ਉਦੋਂ ਤੱਕ ਦਰਵਾਜ਼ੇ ’ਤੇ ਅੱਖਾਂ ਟਿਕਾ ਕੇ ਉਹ ਆਪਣੇ ਪੁੱਤਰ ਦਾ ਇੰਤਜ਼ਾਰ ਕਰਨਗੇ। ਉਨ੍ਹਾਂ ਆਪਣੇ ਦੂਜੇ ਪੁੱਤਰ ਲਈ ਪੰਜਾਬ ਸਰਕਾਰ ਤੋਂ ਸਰਕਾਰੀ ਨੌਕਰੀ ਦੀ ਮੰਗ ਕੀਤੀ।