ਬਰਨਾਲਾ: ਤਿੰਨ ਕਾਲੇ ਖੇਤੀ ਕਾਨੂੰਨਾਂ ਤੇ ਪਰਾਲੀ ਆਰਡੀਨੈਂਸ ਨੂੰ ਰੱਦ ਕਰਵਾਉਣ ਤੇ ਬਿਜਲੀ ਸੋਧ ਬਿੱਲ 2020 ਨੂੰ ਵਾਪਸ ਕਰਵਾਉਣ ਲਈ ਬਰਨਾਲਾ ਰੇਲਵੇ ਸਟੇਸ਼ਨ ‘ਤੇ ਪਿਛਲੇ ਸਾਲ 1 ਅਕਤੂਬਰ ਤੋਂ ਸ਼ੁਰੂ ਹੋਏ ਧਰਨੇ ਦੇ 133ਵੇਂ ਦਿਨ ਅੱਜ ਵੱਖ-ਵੱਖ ਸੂਬਿਆਂ ਵਿਚ ਹੋ ਰਹੀਆਂ ਕਿਸਾਨ ਮਹਾਂ ਪੰਚਾਇਤਾਂ ਦਾ ਮੁੱਦਾ ਭਾਰੂ ਰਿਹਾ। ਪੰਜਾਬ ਵਿੱਚ ਵੀ ਅਜਿਹੀ ਕਿਸਾਨ ਮਹਾਂ-ਪੰਚਾਇਤ 11 ਫ਼ਰਵਰੀ ਦਿਨ ਵੀਰਵਾਰ ਨੂੰ ਜਗਰਾਉਂ ਵਿਖੇ ਕੀਤੀ ਜਾ ਰਹੀ ਹੈ, ਜਿਸ ਵਿਚ ਪਹੁੰਚਣ ਲਈ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ।
ਅੱਜ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਗੁਰਦੇਵ ਸਿੰਘ ਮਾਂਗੇਵਾਲ, ਕਰਨੈਲ ਸਿੰਘ ਗਾਂਧੀ, ਨੇਕਦਰਸ਼ਨ ਸਿੰਘ, ਬਲਵੰਤ ਸਿੰਘ ਉਪਲੀ, ਗੁਲਾਬ ਸਿੰਘ ਗਿਲ, ਧਰਮਪਾਲ ਕੌਰ ਅਤੇ ਬਲਵੀਰ ਕੌਰ ਕਰਮਗੜ੍ਹ ਨੇ ਕਿਹਾ ਕਿ ਪਿਛਲੇ ਦਿਨਾਂ ‘ਚ ਯੂ.ਪੀ. ਰਾਜਸਥਾਨ ਤੇ ਹਰਿਆਣਾ ਸੂਬਿਆਂ ਵਿਚ ਬੁਲਾਈਆਂ ਗਈਆਂ ਮਹਾਂ-ਪੰਚਾਇਆਂ ਵਿੱਚ ਰਿਕਾਰਡ-ਤੋੜ ਇਕੱਠ ਹੋਏ। ਜਿਸ ਤੋਂ ਪਤਾ ਚਲਦਾ ਹੈ ਕਿ ਕਿਸਾਨ ਅੰਦੋਲਨ ਦਿਨ-ਬਦਿਨ ਮਜ਼ਬੂਤੀ ਪਕੜ ਰਿਹਾ ਹੈ। ਦੇਸ਼ ਭਰ ਵਿਚ ਹੋਏ ਵਿਆਪਕ ਸਫਲ ਚੱਕਾ-ਜਾਮ ਤੋਂ ਬਾਅਦ ਕਿਸਾਨ ਮਹਾਂ-ਪੰਚਾਇਤਾਂ ਵਿਚ ਉਮੜ ਰਹੇ ਵੱਡੇ ਹਜ਼ੂਮ ਸਰਕਾਰ ਦੀ ਨੀਂਦ ਉਡਾ ਰਹੇ ਹਨ। ਹਰ ਦਿਨ ਬੀਤਣ ਨਾਲ ਵਧੇਰੇ ਗਿਣਤੀ ਵਿਚ ਲੋਕ ਇਨ੍ਹਾਂ ਕਾਲੇ ਖੇਤੀ ਕਾਨੂੰਨਾਂ ਦੀ ਅਸਲੀਅਤ ਨੂੰ ਸਮਝਣ ਲੱਗੇ ਹਨ।