ਬਰਨਾਲਾ:ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦਾ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਇਸ ਅਖਾੜੇ ਨੂੰ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਐਂਟਰੀ ਨੇ ਹੋਰ ਭਖਾ ਦਿੱਤਾ ਹੈ। ਮੁੱਖ ਮੰਤਰੀ ਵਲੋਂ ਆਪ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿੱਚ ਚੋਣ ਰੋਡ ਸ਼ੋਅ ਕੀਤਾ ਗਿਆ। ਰੋਡ ਸ਼ੋਅ ਦੌਰਾਨ ਸੀਐਮ ਭਗਵੰਤ ਮਾਨ ਵਲੋਂ ਆਪਣੇ ਸਾਰੇ ਵਿਰੋਧੀਆਂ ਨੂੰ ਨਿਸ਼ਾਨੇ 'ਤੇ ਲਿਆ ਗਿਆ। ਉਹਨਾਂ ਸੁਖਬੀਰ ਬਾਦਲ, ਸਿਮਰਨਜੀਤ ਸਿੰਘ ਮਾਨ ਅਤੇ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਆਪਣੇ ਨਿਸ਼ਾਨੇ 'ਤੇ ਲਿਆ।
ਇਸ ਮੌਕੇ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਬਾਦਲ ਕਹਿ ਰਿਹਾ ਹੈ ਕਿ ਐਮਪੀ ਬਣਾ ਦਿਉ ਤਾਂ ਬੰਦੀ ਸਿੰਘ ਰਿਹਾਅ ਹੋ ਜਾਣਗੇ। ਉਹਨਾਂ ਕਿਹਾ ਕਿ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੋਵੇਂ ਮੈਂਬਰ ਪਾਰਲੀਮੈਂਟ ਹਨ, ਫਿਰ ਉਹ ਅਜੇ ਤੱਕ ਕਿਸੇ ਬੰਦੀ ਸਿੰਘ ਨੂੰ ਰਿਹਾਅ ਕਿਉਂ ਨਹੀਂ ਕਰਵਾ ਸਕੇ।
ਉਹਨਾਂ ਕਿਹਾ ਕਿ ਮੈਂ ਖ਼ੁਦ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ਵਿੱਚ ਹਾਂ। ਜੋ ਲੋਕ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਹਨਾਂ ਨੂੰ ਕਾਨੂੰਨ ਅਨੁਸਾਰ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਪਰ ਲੋਕਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ 'ਤੇ ਗੁੰਮਰਾਹ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਦਸ ਸਾਲ ਅਕਾਲੀ-ਭਾਜਪਾ ਦੀ ਸਰਕਾਰ ਰਹੀ, ਉਸ ਵੇਲੇ ਕਿਸੇ ਬੰਦੀ ਸਿੰਘ ਨੂੰ ਰਿਹਾਅ ਕਿਉਂ ਨਹੀਂ ਕਰਵਾ ਸਕੇ।