ਬਰਨਾਲਾ: ਪੰਜਾਬ ਵਿੱਚ ਬਹੁ-ਚਰਚਿਤ ਲਵਪ੍ਰੀਤ ਦੀ ਮੌਤ ਮਾਮਲੇ ਵਿੱਚ ਅੱਜ ਬਰਨਾਲਾ ਸ਼ਹਿਰ ਵਿੱਚ ਵੱਖ-ਵੱਖ ਜਥੇਬੰਦੀਆਂ ਤੇ ਲੋਕਾਂ ਵੱਲੋਂ ਮਿਲ ਕੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਇੱਕ ਰੋਸ਼ ਮਾਰਚ ਕੱਢਿਆ ਗਿਆ। ਇਹ ਰੋਸ ਮਾਰਚ ਬਰਨਾਲਾ ਦੇ ਕਚਿਹਰੀ ਚੌਂਕ ਤੋਂ ਸ਼ੁਰੂ ਹੋ ਕੇ ਸ਼ਹੀਦ ਭਗਤ ਸਿੰਘ ਦੇ ਬੁੱਤ ਤੱਕ ਪੈਦਲ ਗਿਆ। ਇਸ ਮਾਰਚ ਦੌਰਾਨ ਸ਼ਾਮਿਲ ਹੋਏ ਲੋਕਾਂ ਵੱਲੋਂ ਲਵਪ੍ਰੀਤ ਦੀ ਮੌਤ ਲਈ ਜ਼ਿੰਮੇਵਾਰ ਉਸ ਦੀ ਪਤਨੀ ਬੇਅੰਤ ਕੌਰ ਅਤੇ ਉਸਦੇ ਸਹੁਰਾ ਪਰਿਵਾਰ ਵਿਰੁੱਧ ਪਰਚਾ ਦਰਜ ਕਰਕੇ ਕਾਰਵਾਈ ਦੀ ਮੰਗ ਕਰਦਿਆਂ ਬੇਅੰਤ ਕੌਰ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦੀ ਮੰਗ ਕੀਤੀ ਗਈ। ਇਹ ਮਾਰਚ ਪੰਜਾਬ ਯੂਥ ਕਲੱਬ ਆਰਗੇਨਾਈਜ਼ੇਸ਼ਨ ਦੇ ਫਾਊਂਡਰ ਜੋਗਿੰਦਰ ਸਿੰਘ ਜੋਗੀ ਦੇ ਸੱਦੇ 'ਤੇ ਕੱਢਿਆ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਜੋਗਿੰਦਰ ਸਿੰਘ ਜੋਗੀ ਨੇ ਕਿਹਾ ਕਿ ਲਵਪ੍ਰੀਤ ਦੀ ਮੌਤ ਲਈ ਉਸ ਦੀ ਪਤਨੀ ਵੱਲੋਂ ਕੀਤੀ ਗਈ ਠੱਗੀ ਜ਼ਿੰਮੇਵਾਰ ਹੈ। ਜਿਸ ਕਰਕੇ ਲਵਪ੍ਰੀਤ ਦੇ ਪਰਿਵਾਰ ਸਮੇਤ ਪੂਰਾ ਪੰਜਾਬ ਲਵਪ੍ਰੀਤ ਦੀ ਪਤਨੀ ਅਤੇ ਉਸ ਦੇ ਪਰਿਵਾਰ ਵਿਰੁੱਧ ਕਾਰਵਾਈ ਦੀ ਮੰਗ ਕਰ ਰਿਹਾ ਹੈ। ਪਰ ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਜਗਾਉਣ ਲਈ ਅੱਜ ਇਨਸਾਫ਼ ਪਸੰਦ ਜਥੇਬੰਦੀਆਂ ਅਤੇ ਲੋਕਾਂ ਵੱਲੋਂ ਮਿਲ ਕੇ ਰੋਸ਼ ਮਾਰਚ ਕੀਤਾ ਜਾ ਰਿਹਾ ਹੈ।