ਬਰਨਾਲਾ: ਚੰਡੀਗੜ-ਮੋਗਾ ਰੋਡ 'ਤੇ ਬਣੇ ਓਵਰਬ੍ਰਿਜ 'ਤੇ 2 ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇੱਕ ਫ਼ੌਜੀ ਵੀ ਸ਼ਾਮਲ ਹੈ। ਉੱਥੇ ਹੀ ਪਰਿਵਾਰਕ ਮੈਂਬਰਾਂ ਨੇ ਨੌਜਵਾਨਾਂ ਦੀ ਮੌਤ ਨੂੰ ਲੈ ਕੇ ਸ਼ੱਕ ਜਤਾਇਆ ਹੈ।
ਓਵਰਬ੍ਰਿਜ 'ਤੇ ਵਾਪਰੇ ਹਾਦਸੇ 'ਚ ਫ਼ੌਜੀ ਸਮੇਤ ਦੋ ਦੀ ਮੌਤ
ਮੋਗਾ ਰੋਡ 'ਤੇ ਬਣੇ ਓਵਰਬ੍ਰਿਜ ਹੇਠਾਂ ਦੋ ਨੌਜਵਾਨਾਂ ਦੀਆਂ ਸ਼ੱਕੀ ਹਾਲਾਤਾ 'ਚ ਲਾਸ਼ਾਂ ਬਰਾਮਦ ਹੋਈਆਂ ਹਨ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਨੌਜਵਾਨਾਂ ਦੀ ਮੌਤ ਨੂੰ ਲੈ ਕੇ ਕਤਲ ਦਾ ਸ਼ੱਕ ਜਤਾਇਆ ਹੈ ਤੇ ਦੂਜੇ ਪਾਸੇ ਪੁਲਿਸ ਇਸ ਨੂੰ ਹਾਦਸਾ ਦੱਸ ਰਹੀ ਹੈ।
ਜਾਣਕਾਰੀ ਮੁਤਾਬਕ ਓਵਰਬ੍ਰਿਜ ਹੇਠਾਂ ਸਵੇਰੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਇਨ੍ਹਾਂ ਦੀ ਮੌਤ ਦਾ ਕਾਰਨ ਸੜਕ ਹਾਦਸਾ ਦੱਸਿਆ ਜਾ ਰਿਹਾ ਹੈ। ਦੋਵੇਂ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਹੇ ਸਨ ਕਿ ਹਾਦਸੇ ਵਿੱਚ ਦੋਵੇਂ ਓਵਰਬ੍ਰਿਜ ਤੋਂ 26 ਫੁੱਟ ਹੇਠਾਂ ਡਿੱਗ ਗਏ। ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਏਕਮ ਸਿੰਘ ਅਤੇ ਹਰਜੀਤ ਸਿੰਘ ਨੇ ਕਿਹਾ ਕਿ ਦੋਵੇਂ ਨੌਜਵਾਨ ਇਕੱਠੇ ਵਿਆਹ ਸਮਾਗਮ ਵਿੱਚ ਜਾ ਰਹੇ ਸਨ। ਉਨ੍ਹਾਂ ਨੇ ਸ਼ੱਕ ਜਤਾਇਆ ਹੈ ਕਿ ਨੋਜਵਾਨਾਂ ਦਾ ਕਤਲ ਹੋਇਆ ਹੈ ਅਤੇ ਇਹ ਕੋਈ ਹਾਦਸਾ ਨਹੀਂ ਲੱਗ ਰਿਹਾ। ਉੱਥੇ ਹੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਸਬੰਧੀ ਥਾਣਾ ਸਿਟੀ 2 ਦੇ ਐਸਐਚਓ ਰਣਜੀਤ ਸਿੰਘ ਨੇ ਦੱਸਿਆ ਕਿ ਦੋਵੇਂ ਨੌਜਵਾਨ ਇਕੱਠੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਹੇ ਸਨ। ਉਹ ਮੋਗਾ ਰੋਡ 'ਤੇ ਬਣੇ ਓਵਰਬ੍ਰਿਜ ਦੀ ਕੰਧ ਨਾਲ ਟਕਰਾ ਗਏ। ਜਿਸ ਤੋਂ ਬਾਅਦ ਦੋਵੇ ਨੌਜਵਾਨ ਪੁੱਲ ਤੋਂ 26 ਫ਼ੁੱਟ ਹੇਠਾ ਡਿੱਗ ਗਏ। ਜਿਸ ਕਾਰਨ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਮੋਟਰਸਾਈਕਲ ਤੇਜ਼ ਰਫ਼ਤਾਰ ਵਿੱਚ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।