ਬਰਨਾਲਾ: ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਬਜ਼ੁਰਗਾਂ ਅਤੇ ਸਹਿ ਰੋਗਾਂ ਵਾਲੇ ਵਿਅਕਤੀਆਂ ਦੀ ਸਹੂਲਤ ਲਈ ਜ਼ਿਲਾ ਪ੍ਰਸ਼ਾਸਨ ਬਰਨਾਲਾ ਵੱਲੋਂ ਜ਼ਿਲੇ ਦੇ ਸਮੁੱਚੇ ਸੇਵਾ ਕੇਂਦਰਾਂ ਵਿੱਚ ਕੋਵਿਡ -19 ਟੀਕਾਕਰਨ ਲਈ ਰਜਿਸਟਰੇਸ਼ਨ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੇਵਾ ਕੇਂਦਰਾਂ ਵਿਖੇ ਰਜਿਸਟ੍ਰੇਸ਼ਨ ਦੀ ਸਹੂਲਤ ਲਈ ਫੀਸ 30 ਰੁਪਏ ਹੈ। ਉਨ੍ਹਾਂ ਦੱਸਿਆ ਕਿ ਲਾਭਪਾਤਰੀਆਂ ਨੂੰ ਆਪਣੇ ਨਾਲ ਆਪਣਾ ਆਧਾਰ ਕਾਰਡ, ਮੋਬਾਈਲ ਫੋਨ ਅਤੇ ਸਹਿ-ਰੋਗ ਹੋਣ ਦੀ ਸਥਿਤੀ ਵਿੱਚ ਮੈਡੀਕਲ ਸਰਟੀਫਿਕੇਟ ਨਾਲ ਲੈ ਕੇ ਆਉਣਾ ਹੋਵੇਗਾ। ਉਨ੍ਹਾਂ ਕਿਹਾ ਕਿ 60 ਸਾਲ ਤੋਂ ਵੱਧ ਉਮਰ ਦੇ ਲੋਕ ਅਤੇ 45 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਹਿ-ਰੋਗਾਂ ਵਾਲੇ ਵਿਅਕਤੀ ਮੁਹਿੰਮ ਦੇ ਮੌਜੂਦਾ ਪੜਾਅ ਦੌਰਾਨ ਟੀਕਾਕਰਨ ਦੇ ਯੋਗ ਹਨ ਅਤੇ ਉਹ ਜ਼ਿਲ੍ਹੇ ਭਰ ਦੇ ਸਮੁੱਚੇ ਸੇਵਾ ਕੇਂਦਰਾਂ ’ਤੇ ਟੀਕਾਕਰਨ ਲਈ ਬੁਕਿੰਗ ਕਰ ਸਕਦੇ ਹਨ, ਜਦੋਂਕਿ ਟੀਕਾ ਹਸਪਤਾਲ ’ਚ ਹੀ ਲੱਗੇਗਾ।