ਭਦੌੜ: ਪੰਜਾਬੀ ਗਾਇਕ ਬੱਬੂ ਖਾਨ ਨੇ ਸਟੇਟ ਬੈਂਕ ਆਫ਼ ਇੰਡੀਆ ਦੀ ਬਰਾਂਚ ਭਦੌੜ ਅਤੇ ਮੈਡੀਕਲ ਸਟੋਰ ਵਾਲੇ 'ਤੇ ਧੋਖਾਧੜੀ ਦੇ ਇਲਜ਼ਾਮ ਲਗਾਉਂਦਿਆ ਕਿਹਾ ਕਿ ਕਿਸੇ ਹੋਰ ਦੇ ਦਸਤਖਤ 'ਤੇ ਹੀ ਚੈੱਕ ਰਾਹੀਂ ਬੈਂਕ ਖਾਤੇ ਵਿੱਚੋਂ 94 ਹਜ਼ਾਰ ਰੁਪਏ ਕੱਢੇ ਗਏ ਹਨ।
ਪੰਜਾਬੀ ਗਾਇਕ ਬੱਬੂ ਖਾਨ ਨੇ ਸਟੇਟ ਬੈਂਕ ਆਫ਼ ਇੰਡੀਆ ਦੇ ਮੁਲਾਜ਼ਮਾਂ ਅਤੇ ਇੱਕ ਪ੍ਰਾਈਵੇਟ ਮੈਡੀਕਲ ਸਟੋਰ ਦੇ ਮਾਲਕਾਂ ਖ਼ਿਲਾਫ਼ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਉਸ ਦੇ ਸਟੇਟ ਬੈਂਕ ਆਫ਼ ਇੰਡੀਆ ਵਿੱਚ ਖਾਤਾ ਖੁਲਵਾਏ ਨੂੰ ਉੱਨੀ ਵੀਹ ਸਾਲ ਹੋ ਗਏ ਹਨ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਸਿਰਫ ਪੰਜਾਬੀ ਵਿੱਚ ਹੀ ਆਪਣੇ ਦਸਤਖ਼ਤ ਕਰਦਾ ਆ ਰਿਹਾ ਹੈ ਪਰ ਪਿਛਲੇ ਕੁਝ ਮਹੀਨਿਆਂ ਵਿੱਚ ਉਸ ਦੇ ਖਾਤੇ ਵਿੱਚੋਂ ਇੱਕ ਚੈੱਕ 'ਤੇ ਅੰਗਰੇਜ਼ੀ ਵਿੱਚ ਦਸਤਖ਼ਤ ਕਰਕੇ 94 ਹਜ਼ਾਰ ਰੁਪਏ ਕੱਢੇ ਗਏ ਹਨ। ਇਸ ਸਬੰਧੀ ਉਸ ਨੇ ਕਈ ਵਾਰ ਬੈਂਕ ਮੁਲਾਜ਼ਮਾਂ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਵੀ ਕੀਤੀ ਪ੍ਰੰਤੂ ਲੌਕਡਾਊਨ ਦੇ ਚੱਲਦਿਆਂ ਉਸ ਨੂੰ ਬੈਂਕ ਵਿੱਚ ਜਾਣ ਦਾ ਮੌਕਾ ਨਹੀਂ ਮਿਲਿਆ ਪਰ ਹੁਣ ਜਦੋਂ ਉਸ ਨੇ ਬੈਂਕ ਮੁਲਾਜ਼ਮਾਂ ਨਾਲ ਨਿਕਲੇ ਇਨ੍ਹਾਂ ਪੈਸਿਆਂ ਬਾਰੇ ਗੱਲ ਕਰਨੀ ਚਾਹੀ ਤਾਂ ਬੈਂਕ ਮੁਲਾਜ਼ਮਾਂ ਵੱਲੋਂ ਉਸ ਨੂੰ ਕੋਈ ਜ਼ਿਆਦਾ ਸਪਸ਼ੱਟ ਜਵਾਬ ਨਹੀਂ ਦਿੱਤਾ ਗਿਆ। ਜਿਸ ਦੇ ਚੱਲਦਿਆਂ ਉਸ ਨੇ ਬੈਂਕ ਦੇ ਹੈੱਡਕੁਆਰਟਰ ਅਤੇ ਡੀਸੀ ਬਰਨਾਲਾ, ਐਸਐਸਪੀ ਬਰਨਾਲਾ ਨੂੰ ਇੱਕ ਲਿਖਤੀ ਮੰਗ ਪੱਤਰ ਵੀ ਭੇਜਿਆ ਹੈ। ਜਿਸ ਸਬੰਧੀ ਬੈਂਕ ਦੇ ਉੱਚ ਅਧਿਕਾਰੀਆਂ ਵੱਲੋਂ ਦੋ ਵਾਰ ਉਸ ਨੂੰ ਜਾਂਚ ਵਿੱਚ ਸ਼ਾਮਲ ਵੀ ਕੀਤਾ ਗਿਆ ਪਰ ਅਜੇ ਤੱਕ ਇਸ ਮਾਮਲੇ ਦਾ ਕੋਈ ਵੀ ਹੱਲ ਨਹੀਂ ਕੱਢਿਆ ਗਿਆ। ਬੱਬੂ ਖਾਨ ਨੇ ਮੀਡੀਆ ਦੇ ਜਰੀਏ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸ ਨੂੰ ਜਲਦ ਤੋਂ ਜਲਦ ਇਨਸਾਫ਼ ਦਿਵਾਇਆ ਜਾਵੇ।
ਉੱਥੇ ਹੀ ਜਦੋਂ ਇਸ ਸਬੰਧੀ ਬੈਂਕ ਅਧਿਕਾਰੀਆਂ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਚੈੱਕ ਰਾਹੀਂ ਨਿਕਲੇ ਪੈਸਿਆਂ ਦੀ ਜਾਂਚ ਚੱਲ ਰਹੀ ਹੈ। ਜਿਨ੍ਹਾਂ ਨਿਕਲੇ ਪੈਸਿਆਂ ਦੀ ਬੱਬੂ ਖਾਨ ਗੱਲ ਕਰ ਰਿਹਾ ਹੈ। ਉਹ ਇੱਕ ਨਹੀਂ ਸਗੋਂ ਇੱਕ ਬੰਦੇ ਨੂੰ ਹੀ ਚਾਰ ਚੈੱਕ ਕੱਟ ਕੇ ਦੇ ਚੁੱਕਿਆ ਹੈ। ਜਿਨ੍ਹਾਂ ਵਿੱਚੋਂ ਇੱਕ ਚੈੱਕ ਦੀ ਜਾਂਚ ਚੱਲ ਰਹੀ ਹੈ।