ਬਰਨਾਲਾ :ਬਰਨਾਲਾ ਸ਼ਹਿਰ ਦੇ ਬਰਨਾਲਾ ਕਲੱਬ ਅਤੇ ਲਾਲ ਬਹਾਦਰ ਸਾਸ਼ਤਰੀ ਆਰੀਆ ਮਹਿਲਾ ਕਾਲਜ ਵਿਖੇ ਬੈਡਮਿੰਟਨ ਐਸੋਸੀਏਸ਼ਨ ਬਰਨਾਲਾ ਵੱਲੋਂ ਪੰਜਾਬ ਸਟੇਟ ਬੈਡਮਿੰਟਨ ਚੈਂਪੀਅਨਸ਼ਿਪ (ਅੰਡਰ-19) ਕਾਰਵਾਈ ਗਈ। ਇਸ ਦੌਰਾਨ ਵਿਸ਼ੇਸ ਤੌਰ 'ਤੇ ਸਥਾਨਿਕ ਵਿਧਾਇਕ ਅਤੇ ਖੇਡ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਪਹੁੰਚੇ ਅਤੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ। ਇਸ ਦੌਰਾਨ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਨਵੀਂ ਖੇਡ ਨੀਤੀ ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਵਰਦਾਨ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਨਵੀਂ ਖੇਡ ਨੀਤੀ ਵਿੱਚ ਖਿਡਾਰੀਆਂ ਤੇ ਕੋਚਾਂ ਲਈ ਤੋਹਫ਼ੇ ਦਿੱਤੇ ਗਏ ਹਨ, ਜਿਸ ਤਹਿਤ ਪਿੰਡ ਪੱਧਰ ਉਤੇ ਖੇਡ ਨਰਸਰੀਆਂ ਵੀ ਬਣਨਗੀਆਂ।
ਬਰਨਾਲਾ 'ਚ ਪੰਜਾਬ ਸਟੇਟ ਬੈਡਮਿੰਟਨ ਚੈਂਪੀਅਨਸ਼ਿਪ, ਖੇਡ ਮੰਤਰੀ ਨੇ ਖਿਡਾਰੀਆਂ ਦੀ ਕੀਤੀ ਹੌਸਲਾ ਅਫ਼ਜ਼ਾਈ - ਭਗਵੰਤ ਮਾਨ ਸਰਕਾਰ
ਬਰਨਾਲਾ ਵਿੱਚ ਪੰਜਾਬ ਸਟੇਟ ਬੈਡਮਿੰਟਨ ਚੈਂਪੀਅਨਸ਼ਿਪ ਕਰਵਾਈ ਗਈ ਹੈ। ਇਸ ਵਿੱਚ ਉਚੇਚੇ ਤੌਰ ਉੱਤੇ ਪਹੁੰਚੇ ਖੇਡ ਮੰਤਰੀ ਗੁਰਮੀਤ ਮੀਤ ਹੇਅਰ ਨੇ ਖਿਡਾਰੀਆਂ ਦਾ ਹੌਂਸਲਾ ਵਧਾਇਆ ਹੈ।
ਮਿਲਖਾ ਸਿੰਘ ਐਵਾਰਡ ਦੀ ਸ਼ੁਰੂਆਤ :ਮੀਤ ਹੇਅਰ ਨੇ ਕਿਹਾ ਕਿ ਕੋਚਾਂ ਦੀ ਗਿਣਤੀ 309 ਤੋਂ ਵਧਾ ਕੇ 2360 ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਬਿਹਤਰੀਨ ਖਿਡਾਰੀਆਂ ਲਈ 500 ਅਸਾਮੀਆਂ, 80 ਤੋਂ ਵੱਧ ਖੇਡ ਮੁਕਾਬਲਿਆਂ ਦੇ ਮੈਡਲ ਜੇਤੂਆਂ ਲਈ ਨਗਦ ਇਨਾਮ ਤੋਂ ਇਲਾਵਾ ਕੋਚਾਂ ਲਈ ਬਲਬੀਰ ਸਿੰਘ ਸੀਨੀਅਰ ਤੇ ਪ੍ਰਮੋਟਰਾਂ ਲਈ ਮਿਲਖਾ ਸਿੰਘ ਐਵਾਰਡ ਦੀ ਸ਼ੁਰੂਆਤ ਕੀਤੀ ਗਈ ਹੈ।
ਇਹ ਰਹੇ ਜੇਤੂ :ਇਸ ਮੌਕੇ ਉਨ੍ਹਾਂ ਬਰਨਾਲਾ ਕਲੱਬ ਅਤੇ ਲਾਲ ਬਹਾਦਰ ਸਾਸ਼ਤਰੀ ਆਰੀਆ ਮਹਿਲਾ ਕਾਲਜ ਵਿਖੇ ਪੰਜਾਬ ਸਟੇਟ ਬੈਡਮਿੰਟਨ ਚੈਂਪੀਅਨਸ਼ਿਪ (ਅੰਡਰ-19) ਵਿੱਚ ਭਾਗ ਲਈ ਰਹੇ ਅਤੇ ਜੇਤੂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਮੌਕੇ ਉਨ੍ਹਾਂ ਤਿੰਨ ਬੈਡਮਿੰਟਨ ਕੋਰਟ ਮੈਟ ਦੇਣ ਦਾ ਵੀ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਟੀਮ ਈਵੈਂਟ (ਅੰਡਰ 19) ਦੇ ਜੇਤੂਆਂ ਦਾ ਤਗਮਿਆਂ ਨਾਲ ਸਨਮਾਨ ਕੀਤਾ। ਟੀਮ ਈਵੈਂਟ ਲੜਕੀਆਂ 'ਚ ਜਲੰਧਰ ਨੇ ਸੋਨ ਤਗ਼ਮਾ, ਅੰਮ੍ਰਿਤਸਰ ਨੇ ਚਾਂਦੀ ਦਾ ਤਗ਼ਮਾ ਤੇ ਲੁਧਿਆਣਾ ਅਤੇ ਫਾਜ਼ਿਲਕਾ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਟੀਮ ਈਵੈਂਟ ਲੜਕਿਆਂ 'ਚ ਗੁਰਦਾਸਪੁਰ ਨੇ ਪਹਿਲਾ, ਜਲੰਧਰ ਨੇ ਦੂਜਾ ਅਤੇ ਅੰਮ੍ਰਿਤਸਰ ਤੇ ਲੁਧਿਆਣਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਉਨ੍ਹਾਂ ਹੋਰ ਵੱਖ ਵੱਖ ਮੁਕਾਬਲਿਆਂ ਵਿੱਚ ਕੌਮੀ ਅਤੇ ਸੂਬਾ ਪੱਧਰ 'ਤੇ ਨਾਮ ਚਮਕਾਉਣ ਵਾਲੇ ਖਿਡਾਰੀਆਂ ਦਾ ਵੀ ਸਨਮਾਨ ਕੀਤਾ।