ਬਰਨਾਲਾ: ਸਥਾਨਕ ਪੁਲਿਸ ਨੇ ਪੰਜਾਬ ਦੀ ਅੱਜ ਤੱਕ ਦੀ ਸਭ ਤੋਂ ਵੱਡੀ ਮੈਡੀਕਲ ਨਸ਼ੇ ਦੀ ਖੇਪ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਪੁਲਿਸ ਵੱਲੋਂ ਇਹ ਖੇਪ ਬੀਤੇ ਦਿਨੀਂ ਨਸ਼ੇ ਦੀਆਂ ਗੋਲੀਆਂ ਸਮੇਤ ਕਾਬੂ ਕੀਤੇ ਗਏ ਮੈਡੀਕਲ ਸਟੋਰ ਦੇ ਮਾਲਕ ਰਿੰਕੂ ਮਿੱਤਲ ਤੋਂ ਪੁੱਛ ਗਿੱਛ ਬਾਅਦ ਬਰਾਮਦ ਕੀਤੀ ਗਈ ਹੈ।
ਬਰਨਾਲਾ ਪੁਲਿਸ ਨੇ ਇਸ ਮਾਮਲੇ ਵਿੱਚ ਯੂਪੀ ਦੇ ਮਥੁਰਾ ਵਿਖੇ ਇੱਕ ਗੋਦਾਮ ਵਿੱਚੋਂ ਇੱਕ ਵੱਡੇ ਤਸਕਰ ਨੂੰ ਕਾਬੂ ਕਰਕੇ ਉਸ ਤੋਂ 40 ਲੱਖ ਤੋਂ ਵਧੇਰੇ ਦੇ ਨਸ਼ੀਲੇ ਟੀਕੇ ਗੋਲੀਆਂ ਕੈਪਸੂਲ ਬਰਾਮਦ ਕੀਤੇ ਹਨ।
ਬਰਨਾਲਾ ਪੁਲਿਸ ਵੱਲੋਂ ਬੀਤੇ ਦਿਨੀਂ ਸ਼ਹਿਰ ਦੇ ਇੱਕ ਵੱਡੇ ਮੈਡੀਕਲ ਸਟੋਰ ਬੀਰੂ ਰਾਮ ਠਾਕੁਰ ਦਾਸ ਦੇ ਮਾਲਕ ਰਿੰਕੂ ਮਿੱਤਲ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਸੀ। ਰਿੰਕੂ ਮਿੱਤਲ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪੁਲਿਸ ਇਹ ਨਸ਼ੇ ਸਪਲਾਈ ਦੀ ਚੇਨ ਤੋੜਨ ਵਿਚ ਕਾਮਯਾਬ ਹੋਈ ਹੈ।
ਪੁਲਿਸ ਨੇ ਯੂਪੀ ਦੇ ਮਥੁਰਾ ਵਿਖੇ ਇੱਕ ਗੋਦਾਮ ਵਿੱਚੋਂ 40 ਲੱਖ ਤੋਂ ਵਧੇਰੇ ਦੇ ਨਸ਼ੀਲੇ ਪਦਾਰਥ ਬਰਾਮਦ ਕਰਕੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ।
ਪੰਜਾਬ ਦੀ ਸਭ ਤੋਂ ਵੱਡੀ ਮੈਡੀਕਲ ਨਸ਼ੇ ਦੀ ਖੇਪ ਬਰਾਮਦ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਰਨਾਲਾ ਦੇ ਐਸਐਸਪੀ ਸੰਦੀਪ ਗੋਇਲ ਨੇ ਦੱਸਿਆ ਕਿ ਪੁਲਸ ਨੇ ਪਿਛਲੇ ਮਹੀਨੇ ਮੋਹਨ ਲਾਲ ਨਿਵਾਸੀ ਬਰਨਾਲਾ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਸੀ। ਜਿਸ ਤੋਂ ਬਾਅਦ ਪੁਲਸ ਕੇਸ ਦੌਰਾਨ ਇੱਕ ਬਲਵਿੰਦਰ ਸਿੰਘ ਨਾਮ ਦੇ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਸੀ। ਜਿਸ ਦੀ ਪੁੱਛਗਿਛ ਤੋਂ ਪਤਾ ਲੱਗਿਆ ਕਿ ਉਹ ਇਹ ਨਸ਼ੀਲੀਆਂ ਗੋਲੀਆਂ ਨਰੇਸ਼ ਕੁਮਾਰ ਮਿੱਤਲ ਉਰਫ ਰਿੰਕੂ ਮਿੱਤਲ ਜੋ ਬੀਰੂ ਰਾਮ ਠਾਕਰ ਦਾਸ ਮੈਡੀਕਲ ਸਟੋਰ ਦਾ ਮਾਲਕ ਹੈ ਤੋਂ ਲਿਆਇਆ ਸੀ। ਇਸ ਤੋਂ ਉਪਰੰਤ ਪੁਲਿਸ ਨੇ ਰਿੰਕੂ ਮਿੱਤਲ ਨੂੰ ਨਸ਼ੀਲੀਆਂ ਗੋਲੀਆਂ, ਡਰੱਗ ਮਨੀ ਅਤੇ ਇੱਕ ਇਨੋਵਾ ਕਾਰ ਸਮੇਤ ਕਾਬੂ ਕੀਤਾ ਸੀ।
ਰਿੰਕੂ ਮਿੱਤਲ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜਾਂਚ ਉਪਰੰਤ ਪੁਲੀਸ ਨੇ ਉੱਤਰ ਪ੍ਰਦੇਸ਼ ਦੇ ਮਥੁਰਾ ਵਿਖੇ ਇੱਕ ਗੋਦਾਮ ਤੋਂ 40 ਲੱਖ ਤੋਂ ਵਧੇਰੇ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਮਥੁਰਾ ਨਿਵਾਸੀ ਤਾਇਬ ਕੁਰੈਸ਼ੀ ਪੁੱਤਰ ਬਾਰੂ ਕੁਰੈਸ਼ੀ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ ਪੁਲਿਸ ਨੇ ਉਸ ਦੇ ਗੁਦਾਮ ਵਿੱਚੋਂ 4001040ਨਸ਼ੀਲੀਆਂ ਗੋਲੀਆਂ, 439800ਨਸ਼ੀਲੇ ਕੈਪਸੂਲ, 36800 ਨਸ਼ੀਲੇ ਟੀਕੇ ਅਤੇ 25000 ਖੁੱਲ੍ਹੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ ਕੀਤੇ ਹਨ। ਜੋ ਪੰਜ ਕਰੋੜ ਦੀ ਕੀਮਤ ਦੇ ਕਰੀਬ ਹਨ।
ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਵਿਚ ਪੂਰੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਦੀ ਸਪੈਸ਼ਲ ਟੀਮ ਇਸ ਮਾਮਲੇ ਦੀ ਕਾਰਵਾਈ ਕਰ ਰਹੀ ਹੈ, ਜਿਸ ਵਿੱਚ ਐਸਪੀ ਸੁਖਦੇਵ ਸਿੰਘ ਵਿਰਕ, ਡੀਐਸਪੀ ਰਮਿੰਦਰ ਸਿੰਘ ਦਿਓਲ ਅਤੇ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਹੁਣ ਤੱਕ ਚਾਰ ਵਿਅਕਤੀ ਕਾਬੂ ਕੀਤੇ ਗਏ ਹਨ, ਜਿਨ੍ਹਾਂ ਖਿਲਾਫ ਐਨਡੀਪੀਐਸ ਐਕਟ ਅਤੇ ਵੱਖ ਵੱਖ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦੀ ਪੰਜਾਬ ਵਿੱਚ ਵੀ ਮੈਡੀਕਲ ਨਸ਼ੇ ਦੀ ਖੇਪ ਦੀ ਸਭ ਤੋਂ ਵੱਡੀ ਇਹ ਬਰਾਮਦਗੀ ਹੈ ਅਤੇ ਭਾਰਤ ਦੀ ਵੱਡੀ ਖੇਪ ਬਰਾਮਦਗੀ ਦਾ ਵੀ ਇਹ ਇੱਕ ਵੱਡਾ ਕੇਸ ਹੈ।
ਇਸ ਤੋਂ ਇਲਾਵਾ ਇੱਕ ਹੋਰ ਮਾਮਲੇ ਵਿੱਚ ਬਰਨਾਲਾ ਪੁਲੀਸ ਨੇ ਤਿੰਨ ਲੱਖ ਨਸ਼ੀਲੀਆਂ ਗੋਲੀਆਂ, ਦੋ ਗੱਡੀਆਂ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਰਨਾਲਾ ਦੇ ਐਸਪੀ (ਡੀ) ਸੁਖਦੇਵ ਸਿੰਘ ਵਿਰਕ ਨੇ ਦੱਸਿਆ ਕਿ ਸੀਆਈਏ ਸਟਾਫ ਬਰਨਾਲਾ ਦੀ ਟੀਮ ਨੂੰ ਇਕ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਧਨੌਲਾ ਵਿਖੇ ਨਾਕਾਬੰਦੀ ਦੌਰਾਨ ਇੱਕ ਫਾਰਚਿਊਨਰ ਅਤੇ ਹੌਂਡਾ ਸਿਟੀ ਗੱਡੀਆਂ ਫੜੀਆਂ ਹਨ। ਚਾਰ ਵਿਅਕਤੀਆਂ ਦਾ ਇੱਕ ਗੈਂਗ, ਜੋ ਨਸ਼ੀਲੀਆਂ ਗੋਲ਼ੀਆਂ ਸਪਲਾਈ ਕਰਦਾ ਸੀ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਫ਼ਰਾਰ ਹੋ ਗਿਆ, ਜਦੋਂ ਕਿ ਤਿੰਨ ਨੂੰ ਪੁਲਿਸ ਨੇ ਕਾਬੂ ਕਰ ਲਿਆ। ਜਿਨ੍ਹਾਂ ਤੋਂ ਤਿੰਨ ਲੱਖ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਇਨ੍ਹਾਂ ਖਿਲਾਫ ਐਨਡੀਪੀਐਸ ਐਕਟ ਤਹਿਤ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।