ਬਰਨਾਲਾ: ਬੇਰੁਜ਼ਗਾਰ ਅਧਿਆਪਕ ਜਗਜੀਤ ਸਿੰਘ ਜੋਧਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਮੌਕੇ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਪਰ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ। ਬੇਰੁਜ਼ਗਾਰ ਅਧਿਆਪਕ ਪਿਛਲੇ ਪੰਜ ਮਹੀਨਿਆਂ ਤੋਂ ਸੰਗਰੂਰ ਵਿਖੇ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਉਨ੍ਹਾਂ ਨੂੰ ਰੁਜ਼ਗਾਰ ਦੇਣ ਦਾ ਕੋਈ ਯਤਨ ਨਹੀਂ ਕਰ ਰਹੀ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਆਉਣ ਵਾਲੇ ਬਜਟ 'ਚ ਨੌਕਰੀ ਦੇਣ ਦਾ ਵਾਅਦਾ ਸਰਕਾਰ ਪੂਰਾ ਕਰੇਗੀ।
ਕਿਸਾਨ ਦਰਸ਼ਨ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਨੇ ਚੋਣਾਂ ਮੌਕੇ ਕਿਸਾਨਾਂ ਦਾ ਕਰਜ਼ਾ ਕੁਰਕੀ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ। ਪਰ ਸਰਕਾਰ ਝੂਠੀਆਂ ਸਹੁੰਆਂ ਖਾ ਕੇ ਆਪਣੇ ਵਾਅਦੇ ਤੋਂ ਮੁਕਰ ਚੁੱਕੀ ਹੈ। ਕਿਸਾਨਾਂ ਦੇ ਕਰਜ਼ੇ ਮਾਫ਼ ਨਹੀਂ ਕੀਤੇ ਜਾ ਰਹੇ, ਜਿਸ ਕਰਕੇ ਖ਼ੁਦਕੁਸ਼ੀਆਂ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਫਸਲਾਂ ਦੇ ਯੋਗ ਭਾਅ ਵੀ ਨਹੀਂ ਦਿੱਤੇ ਜਾ ਰਹੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਰਕਾਰ ਦੇ ਆਉਣ ਵਾਲੇ ਬਜਟ ਨੂੰ ਵੀ ਕੋਈ ਉਮੀਦ ਦਿਖਾਈ ਨਹੀਂ ਦੇ ਰਹੀ, ਕਿਉਂਕਿ ਪਿਛਲੇ ਤਿੰਨ ਸਾਲਾਂ ਦੌਰਾਨ ਕਿਸਾਨ ਖੁਦਕੁਸ਼ੀਆਂ ਸਭ ਤੋਂ ਵੱਧ ਹੋਈਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਹਾਲ ਦਿੱਲੀ ਵਾਲਾ ਹੋਵੇਗਾ, ਕਿਉਂਕਿ ਕਾਂਗਰਸ ਪਾਰਟੀ ਆਪਣੇ ਕੀਤੇ ਵਾਅਦਿਆਂ ਤੋਂ ਪੂਰੀ ਤਰ੍ਹਾਂ ਮੁਕਰ ਚੁੱਕੀ ਹੈ।
ਬਰਨਾਲਾ ਵਪਾਰ ਮੰਡਲ ਦੇ ਆਗੂ ਸੁਭਾਸ਼ ਮੱਕੜ ਨੇ ਕਿਹਾ ਕਿ ਬਰਨਾਲਾ ਸਿਹਤ ਅਤੇ ਸਿੱਖਿਆ ਦੇ ਪੱਖ ਤੋਂ ਕਾਫ਼ੀ ਪੱਛੜਿਆ ਹੋਇਆ ਹੈ, ਜਿਸ ਕਰਕੇ ਆਉਣ ਵਾਲੇ ਬਜਟ ਤੋਂ ਬਰਨਾਲਾ ਵਿੱਚ ਸਰਕਾਰੀ ਹਸਪਤਾਲ ਨੂੰ ਅਪਗਰੇਡ ਕਰਨ ਅਤੇ ਬਰਨਾਲਾ ਵਿੱਚ ਸਰਕਾਰੀ ਮੈਡੀਕਲ ਕਾਲਜ ਮੰਗ ਕਰਨ ਦੇ ਨਾਲ ਨਾਲ ਬਣਨ ਦੀ ਉਮੀਦ ਜਤਾ ਰਹੇ ਹਾਂ।