ਬਰਨਾਲਾ: ਪੰਜਾਬ ਵਿਧਾਨਸਭਾ ਚੋਣ 2022 (Punjab Assembly Elections 2022) ਨੂੰ ਲੈਕੇ ਚੋਣ ਪ੍ਰਚਾਰ ਸਿਖ਼ਰ ’ਤੇ ਹੈ। ਸਾਰੀਆਂ ਰਾਜਨੀਤਕ ਪਾਰਟੀਆਂ ਆਪਣੀ ਜਿੱਤ ਲਈ ਦਿਨ-ਰਾਤ ਇੱਕ ਕਰ ਰਹੀਆਂ ਹਨ। ਉਧਰ, ਪਰ ਆਮ ਆਦਮੀ ਪਾਰਟੀ ਬਰਨਾਲਾ ਵਿਧਾਨਸਭਾ ਵਿੱਚ ਆਪਸੀ ਗੁੱਟਬਾਜ਼ੀ ਅਤੇ ਮੱਤਭੇਦ ਖੁੱਲ੍ਹਕੇ ਸਾਹਮਣੇ ਆ ਰਹੇ ਹਨ।
ਆਪ ਉਮੀਦਵਾਰ ਮੀਤ ਹੇਅਰ ਖਿਲਾਫ਼ ਉੱਠੀ ਬਗਾਵਤ ਮੌਜੂਦਾ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਤੋਂ ਪਰੇਸ਼ਾਨ ਪਾਰਟੀ ਦੇ ਪੁਰਾਣੇ ਵਲੰਟੀਅਰਾਂ ਵੱਲੋਂ ਬਗਾਵਤ ਦਾ ਝੰਡਾ ਚੁੱਕ ਲਿਆ ਗਿਆ ਹੈ। 'ਆਪ' ਦੇ ਸਭ ਤੋਂ ਸੀਨੀਅਰ ਆਗੂ ਬਲਜੀਤ ਸਿੰਘ ਬਡਬਰ ਨੂੰ ਆਜ਼ਾਦ ਚੋਣ ਲੜਾਉਣ ਦਾ ਐਲਾਨ ਕਰ ਲਿਆ ਗਿਆ।
ਇਸ ਮੌਕੇ, 'ਆਪ' ਆਗੂਆਂ ਨੇ ਕਿਹਾ ਕਿ 'ਆਪ' ਵਿਧਾਇਕ ਮੀਤ ਹੇਅਰ ਪੈਰਾਸ਼ੂਟ ਰਾਹੀਂ ਬਰਨਾਲਾ ਵਿੱਚ 2017 ਦੀਆਂ ਚੋਣਾਂ ਸਮੇਂ ਉਮੀਦਵਾਰ ਬਣਾਇਆ ਗਿਆ ਜਿਸ ਦੀ ਜਿੱਤ ਲਈ ਉਨ੍ਹਾਂ ਸਾਰੇ 'ਆਪ' ਵਰਕਰਾਂ ਨੇ ਦਿਨ ਰਾਤ ਇੱਕ ਕੀਤਾ, ਪਰ ਮੀਤ ਹੇਅਰ ਨੇ 5 ਸਾਲ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਨੇ 'ਆਪ' ਵਿਧਾਇਕ ਦੀ ਕਾਰਗੁਜ਼ਾਰੀ ਉੱਤੇ ਵੱਡੇ ਸਵਾਲ ਚੁੱਕਦਿਆਂ ਕਿਹਾ ਕਿ ਮੀਤ ਨੇ 5 ਸਾਲ ਵਿੱਚ ਕੋਈ ਵੀ ਕੰਮ ਨਹੀਂ ਕੀਤਾ, ਸਰਕਾਰੀ ਦਫ਼ਤਰਾਂ ਵਿੱਚ ਅੱਜ ਵੀ ਭ੍ਰਿਸ਼ਟਾਚਾਰ ਪਹਿਲਾਂ ਵਾਂਗ ਚੱਲ ਰਿਹਾ ਹੈ ਅਤੇ ਸਰਕਾਰੀ ਹਸਪਤਾਲ ਵਿੱਚ ਬੁਰਾ ਹਾਲ ਹੈ।
ਪਾਰਟੀ ਤੋਂ ਬਾਗੀ ਆਗੂਆਂ ਨੇ ਕਿਹਾ ਕਿ ਮੀਤ ਹੇਅਰ ਨੇ 2017 ਦੀ ਚੋਣ ਜਿੱਤਣ ਦੇ ਬਾਅਦ ਪਾਰਟੀ ਦੇ ਸਾਰੇ ਈਮਾਨਦਾਰ ਆਗੂਆਂ ਵਰਕਰਾਂ ਨੂੰ ਦਰ ਕਿਨਾਰ ਕਰਦੇ ਹੋਏ ਆਪਣੇ ਕਰੀਬੀ ਦੋਸਤਾਂ ਨੂੰ ਪਰਿਵਾਰ ਵਾਲਿਆਂ ਨੂੰ ਪਾਰਟੀ ਅਹੁਦਿਆਂ ਉੱਤੇ ਬਿਠਾਇਆ। ਉਨ੍ਹਾਂ ਕਿਹਾ ਕਿ ਸਾਨੂੰ ਅਜਿਹਾ ਉਮੀਦਵਾਰ ਨਹੀਂ ਚਾਹੀਦਾ ਹੈ, ਪਰ ਪਾਰਟੀ ਨੇ ਦੂਜੀ ਵਾਰ ਫਿਰ ਗੁਰਮੀਤ ਸਿੰਘ ਮੀਤ ਹੇਅਰ ਨੂੰ ਚੋਣ ਮੈਦਾਨ ਵਿੱਚ ਉਤਾਰ ਕੇ ਗ਼ਲਤ ਕੀਤਾ ਹੈ ਜਿਸ ਕਰਕੇ ਹਲਕਾ ਬਰਨਾਲਾ ਦੇ ਪਾਰਟੀ ਵਰਕਰਾਂ ਨੇ ਹੁਣ ਫ਼ੈਸਲਾ ਕਰ ਲਿਆ ਹੈ ਕਿ ਉਹ ਇਸ ਵਾਰ ਮੀਤ ਹੇਅਰ ਦਾ ਸਾਥ ਨਹੀਂ ਦੇਣਗੇ ਅਤੇ ਬਲਜੀਤ ਸਿੰਘ ਬਡਬਰ ਨੂੰ ਆਜ਼ਾਦ ਤੌਰ 'ਤੇ ਚੋਣ ਜਿਤਾਉਣਗੇ।
ਇਹ ਵੀ ਪੜ੍ਹੋ:ਨਿਯਮਾਂ ਦੀ ਉਲੰਘਣਾ ਕਰਦੇ ਹੋਏ ਸੁਖਬੀਰ ਬਾਦਲ ਵਲੋਂ ਆਪਣੇ ਉਮੀਦਵਾਰ ਦੇ ਹੱਕ 'ਚ ਚੋਣ ਪ੍ਰਚਾਰ !