ਬਰਨਾਲਾ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਸਿਆਸੀ ਅਖਾੜਾ ਭਖ ਚੁੱਕਿਆ ਹੈ। ਪੰਜਾਬ ਜਿੱਤਣ ਲਈ ਪੰਜਾਬ ਦੀਆਂ ਪਾਰਟੀਆਂ ਦੀ ਕੇਂਦਰ ਦੀ ਲੀਡਰਸ਼ਿਪ ਵੀ ਪੰਜਾਬ ਦੇ ਦੌਰ ਕਰ ਰਹੀਆਂ ਹਨ। ਇਸਦੇ ਚੱਲਦੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਲੰਧਰ ਦੌਰਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਪੀਐਮ ਮੋਦੀ ਦੀ ਪੰਜਾਬ ਰੈਲੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਸੂਬੇ ਵਿੱਚ ਵੱਖ ਵੱਖ ਥਾਵਾਂ ਉੱਪਰ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਬਰਨਾਲਾ ਚ ਵੀ ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਦੀ ਜਲੰਧਰ ਰੈਲੀ ਦਾ ਵਿਰੋਧ ਕੀਤਾ ਗਿਆ ਹੈ ਅਤੇ ਇਸ ਦੌਰਾਨ ਕਿਸਾਨਾਂ ਨੇ ਜੰਮਕੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ।
ਕਿਸਾਨ ਜਥੇਬੰਦੀ ਆਗੂ ਚਮਕੌਰ ਸਿੰਘ ਨੈਣੇਵਾਲ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੀਆਂ ਵੋਟਾਂ ਤੋਂ ਨਿਰਲੇਪ ਜਥੇਬੰਦੀਆਂ ਅਤੇ ਸੂਬਾ ਪੱਧਰੀ ਨਿਰਦੇਸ਼ ਅਨੁਸਾਰ ਪੂਰੇ ਜ਼ਿਲ੍ਹੇ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਦੇ ਲੀਡਰਾਂ ਦਾ ਪੰਜਾਬ ਫੇਰੀ ਦੌਰਾਨ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨ ਆਗੂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਰਕਾਰ ਖਿਲਾਫ਼ ਵਾਅਦਖਿਲਾਫ਼ੀ ਦੇ ਨਾਅਰੇ ਲਾਕੇ ਅਤੇ ਰੋਡ ਰੋਕ ਕੇ ਵਿਰੋਧ ਕੀਤਾ ਜਾ ਰਿਹਾ ਹੈ।