ਬਰਨਾਲਾ: ਦੇਸ਼ ਭਰ ਵਿੱਚ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧ ਰਹੀਆਂ ਹਨ। ਜਿਸ ਕਾਰਨ ਮਹਿੰਗਾਈ ਦੀ ਦਰ ਵੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਨੂੰ ਲੈ ਕੇ ਲੋਕਾਂ 'ਚ ਜਿਥੇ ਕੇਂਦਰ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ, ਉਥੇ ਹੀ ਸੂਬਾ ਸਰਕਾਰ ਪ੍ਰਤੀ ਵੀ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ। ਬਰਨਾਲਾ ਵਿੱਚ ਮੌਜੂਦਾ ਸਮੇਂ ਪੈਟਰੋਲ ਦੀ ਕੀਮਤ 102.34 ਰੁਪਏ ਅਤੇ ਡੀਜ਼ਲ 92.00 ਰੁਪਏ ਹੋ ਗਿਆ ਹੈ।
ਇਸ ਸਬੰਧੀ ਪੈਟਰੋਲ ਪੰਪ 'ਤੇ ਤੇਲ ਪੁਆਉਣ ਆਏ ਲੋਕਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਵਿੱਚ ਰੋਜ਼ਾਨਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਕਿ ਕੇਂਦਰ ਸਰਕਾਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਘੱਟ ਕਰਨ ਵੱਲ ਧਿਆਨ ਨਹੀਂ ਦੇ ਰਹੀ।
ਸਥਾਨਕ ਲੋਕਾਂ ਦਾ ਕਹਿਣਾ ਕਿ ਕੇਂਦਰ ਵਿੱਚ ਭਾਜਪਾ ਸਰਕਾਰ ਆਉਣ ਤੋਂ ਪਹਿਲਾਂ ਕੱਚੇ ਤੇਲ ਦੀਆਂ ਕੀਮਤਾਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੱਧ ਸਨ। ਪ੍ਰੰਤੂ ਉਸ ਸਮੇਂ ਪੈਟਰੋਲ ਡੀਜ਼ਲ ਦੀ ਕੀਮਤ ਘੱਟ ਸੀ। ਮੌਜੂਦਾ ਸਮੇਂ 'ਚ ਅੰਤਰਰਾਸ਼ਟਰੀ ਬਜ਼ਾਰ ਵਿਚ ਜਦੋਂ ਕੱਚੇ ਤੇਲ ਦੀਆਂ ਕੀਮਤਾਂ ਬਹੁਤ ਘੱਟ ਹਨ ਤਾਂ ਦੇਸ਼ ਵਿੱਚ ਪੈਟਰੋਲ 100 ਰੁਪਏ ਪਾਰ ਕਰ ਗਿਆ ਹੈ, ਜਦਕਿ ਡੀਜ਼ਲ 90 ਰੁਪਏ ਤੋਂ ਵਧ ਗਿਆ ਹੈ।